Punjab

ਬਦਮਾਸ਼ਾਂ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ

ਲੁਧਿਆਣਾ, 29 ਦਸੰਬਰ : ਸੋਮਵਾਰ ਨੂੰ ਭਰੇ ਬਾਜ਼ਾਰ ਵਿੱਚ ਸਵਾ 11 ਵਜੇ ਇੱਕ ਬਦਮਾਸ਼ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਪੂਰੀ ਘੇਰਾਬੰਦੀ ਕਰਕੇ ਬਦਮਾਸ਼ ਦੀ ਕਾਰ ਰੋਕੀ ਅਤੇ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੀ। ਸਵਿਫਟ ਕਾਰ ਵਿੱਚ ਸਵਾਰ ਬਦਮਾਸ਼ ਨੇ 2-3 ਵਾਰ ਕਾਰ ਅੱਗੇ-ਪਿੱਛੇ ਕੀਤੀ ਅਤੇ ਉਸ ਤੋਂ ਬਾਅਦ ਗੱਡੀ ਭਜਾ ਕੇ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਵਿਫਟ ਕਾਰ ਵਿੱਚ ਇੱਕ ਨੌਜਵਾਨ ਅਤੇ ਇੱਕ ਮੁਟਿਆਰ ਸਵਾਰ ਸਨ। ਉਸ ਨੂੰ ਫੜਨ ਆਏ ਪੁਲਿਸ ਮੁਲਾਜ਼ਮ ਖਾਲੀ ਹੱਥ ਰਹਿ ਗਏ। ਪੁਲਿਸ ਤੋਂ ਬਚਣ ਦੇ ਚੱਕਰ ਵਿੱਚ ਬਦਮਾਸ਼ ਨੇ ਆਪਣੀ ਕਾਰ ਨਾਲ ਕਈ ਹੋਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਡੰਡੀ ਸੁਆਮੀ ਰੋਡ ‘ਤੇ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਕਿਹੜੇ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ, ਇਸ ਦੀ ਜਾਂਚ ਜਾਰੀ ਹੈ।ਜਾਣਕਾਰੀ ਮੁਤਾਬਕ, ਡੰਡੀ ਸੁਆਮੀ ਰੋਡ ਦੇ ਮੁੱਖ ਚੌਕ ‘ਤੇ ਲਾਲ ਬੱਤੀ ਹੋਣ ਕਾਰਨ ਸਾਰੇ ਵਾਹਨ ਖੜ੍ਹੇ ਸਨ। ਉਦੋਂ ਹੀ ਇੱਕ ਸਵਿਫਟ ਕਾਰ ਚੌਕ ‘ਤੇ ਰੁਕੀ, ਜਿਸ ਵਿੱਚ ਇੱਕ ਮਰਦ ਅਤੇ ਇੱਕ ਔਰਤ ਬੈਠੇ ਸਨ। ਪੁਲਿਸ ਦੀ ਟੀਮ ਗੱਡੀ ਦੇ ਪਿੱਛੇ ਲੱਗੀ ਹੋਈ ਸੀ। ਜਿਵੇਂ ਹੀ 3 ਤੋਂ 4 ਪੁਲਿਸ ਮੁਲਾਜ਼ਮਾਂ ਨੇ ਗੱਡੀ ਵਿੱਚ ਬੈਠੇ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਬਦਮਾਸ਼ ਨੇ ਗੱਡੀ ਬੈਕ (ਪਿੱਛੇ) ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਗੱਡੀ ਦਾ ਹੈਂਡਲ ਖਿੱਚਿਆ ਪਰ ਗੱਡੀ ਖੁੱਲ੍ਹੀ ਨਹੀਂ।ਪੁਲਿਸ ਮੁਲਾਜ਼ਮ ਨੇ ਸ਼ੀਸ਼ਾ ਤੋੜ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਫ਼ਲਤਾ ਨਹੀਂ ਮਿਲੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਗੱਡੀ ਨੂੰ ਘੇਰਿਆ ਤਾਂ ਬਦਮਾਸ਼ ਨੇ ਕਾਰ ਪੁਲਿਸ ਮੁਲਾਜ਼ਮਾਂ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਗੱਡੀ ਦੇ ਪਿੱਛੇ ਕੁਝ ਹੋਰ ਗੱਡੀਆਂ ਵੀ ਖੜ੍ਹੀਆਂ ਸਨ, ਜਿਨ੍ਹਾਂ ਨੂੰ ਬਦਮਾਸ਼ ਨੇ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਉਸ ਨੇ ਲਗਭਗ 100 ਮੀਟਰ ਤੱਕ ਗੱਡੀ ਬੈਕ ਗੇਅਰ ਵਿੱਚ ਭਜਾਈ। ਜਦੋਂ ਦੂਜੀ ਵਾਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਮੁੜ ਗੱਡੀ ਅੱਗੇ ਭਜਾ ਲਈ ਅਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

Related Articles

Leave a Reply

Your email address will not be published. Required fields are marked *

Back to top button