Punjab

ਔਰਤ ਨੇ ਮਾਂ ਤੇ ਬੱਚੇ ਸਮੇਤ ਕੀਤੀ ਖੁਦਕੁਸ਼ੀ

ਮਾਲੇਰਕੋਟਲਾ, 26 ਦਸੰਬਰ : ਪਿੰਡ ਭੂਦਨ ਵਿਖੇ ਇਕੋ ਪਰਿਵਾਰ ਦੀਆਂ ਦੋ ਔਰਤਾਂ ਅਤੇ 8 ਸਾਲ ਦੇ ਬੱਚੇ ਵੱਲੋਂ ਜਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸ਼ਾਮਿਲ ਕਥਿਤ ਸਾਰੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾ ਫੜੇ ਜਾਣ ਅਤੇ ਪੁਲਿਸ ਤੇ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਹੋਏ ਵੀਰਵਾਰ ਨੂੰ ਕਿਸਾਨ ਜਥੇਬੰਦੀਆਂ, ਇਨਸਾਫ਼ ਪਸੰਦ ਆਗੂਆਂ ਤੇ ਪਿੰਡ ਗੁਰਬਖ਼ਸ਼ਪੁਰਾ ਵਾਸੀਆਂ ਨੇ ਥਾਣਾ ਸੰਦੌੜ ਅੱਗੇ ਧਰਨਾ ਲਾਇਆ। ਧਰਨਾਕਾਰੀ ਇਸ ਗੱਲ ਤੇ ਅੜੇ ਸਨ ਕਿ ਜਦੋਂ ਤੱਕ ਸਾਰੇ ਫੜੇ ਨਹੀਂ ਜਾਂਦੇ ਮ੍ਰਿਤਕਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇੰਦਰਪਾਲ ਕੌਰ ਪਤਨੀ ਸਵ. ਭਵਨਦੀਪ ਸਿੰਘ ਨੇ ਆਪਣੇ ਪੁੱਤਰ ਜੌਰਡਨ (8) ਸਾਲ ਅਤੇ ਆਪਣੀ ਮਾਤਾ ਹਰਦੀਪ ਕੌਰ ਵਾਸੀ ਗੁਰਬਖਸਪੁਰਾ ਗੰਡੇਵਾਲ ਨੂੰ ਜਹਿਰੀਲੀ ਚੀਜ ਦੇ ਕੇ ਖੁਦਕੁਸ਼ੀ ਕਰ ਲਈ ਸੀ। ਇੰਦਰਪਾਲ ਕੌਰ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਰਾਹੀਂ ਪਿੰਡ ਭੂਦਨ ਦੇ ਹੀ ਕੁੱਝ ਲੋਕਾਂ ਤੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਜਾਨ ਤੋਂ ਮਾਰ ਦੇਣ ਦੇ ਦੋਸ਼ ਲਾਏ ਸਨ। ਉਸਨੇ ਵੀਡੀਓ ਜਾਰੀ ਕਰਦੇ ਹੋਏ ਦੋਸ਼ ਲਾਇਆ ਸੀ ਕਿ ਉਨ੍ਹਾਂ ਤਿੰਨਾਂ ਦੀ ਮੌਤ ਲਈ ਉਕਤ ਵਿਅਕਤੀ ਜਿੰਮੇਵਾਰ ਹਨ। ਇਸ ਵੀਡੀਓ ਤੋਂ ਬਾਅਦ ਲੰਘੇ ਦਿਨ ਇੰਦਰਪਾਲ ਕੌਰ, ਉਸਦੇ ਪੁੱਤਰ ਜੌਰਡਨ ਅਤੇ ਉਸਦੀ ਮਾਤਾ ਹਰਦੀਪ ਕੌਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਅਤੇ ਮ੍ਰਿਤਕ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ ਪੁੱਤਰ ਅੱਛਰਾ ਸਿੰਘ ਗੰਡੇਵਾਲ ਨੇ ਕਿਹਾ ਕਿ ਇੰਦਰਪਾਲ ਕੌਰ ਦੇ ਪਤੀ ਦੀ 2018 ਵਿਚ ਮੌਤ ਹੋ ਗਈ ਸੀ ਅਤੇ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਬੱਚੇ ਅਤੇ ਆਪਣੀ ਮਾਤਾ ਦੇ ਨਾਲ ਪਿੰਡ ਭੂਦਨ ਵਿਖੇ ਰਹਿ ਰਹੀ ਸੀ। ਪਤੀ ਦੀ ਮੌਤ ਤੋਂ ਬਾਅਦ ਇੰਦਰਪਾਲ ਕੌਰ ਦੀ ਸੱਸ ਅਤੇ ਹੋਰ ਕੁੱਝ ਵਿਅਕਤੀ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸਾਰੇ ਜਣਿਆਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੀ ਭੈਣ ਨੇ ਆਖਰਕਾਰ ਆਪਣੀ ਮਾਂ ਅਤੇ ਬੱਚੇ ਸਮੇਤ ਜਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਸੰਦੌੜ ਦੀ ਪੁਲਿਸ ਨੇ ਕਰੀਬ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਵੀਰਵਾਰ ਨੂੰ ਸਵੇਰੇ ਹੀ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ,ਕਿਸਾਨ ਜਥੇਬੰਦੀਆਂ ਤੇ ਹੋਰ ਇਨਸਾਫ਼ ਪਸੰਦ ਆਗੂਆਂ ਵੱਲੋਂ ਥਾਣਾ ਸੰਦੌੜ ਦੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਜਲਦੀ ਨਾ ਫੜੇ ਜਾਣ ਦੇ ਰੋਸ ਵਜੋਂ ਥਾਣੇ ਅੱਗੇ ਧਰਨਾ ਦਿੱਤਾ ਗਿਆ ਅਤੇ ਇਸ ਮਾਮਲੇ ਵਿੱਚ ਇਨਸਾਫ਼ ਲਈ ਤਕੜਾ ਸੰਘਰਸ਼ ਵਿੱਢਣ ਦੀ ਗੱਲ ਕਹੀ। ਇਸਦੇ ਨਾਲ ਹੀ ਐਲਾਨ ਕੀਤਾ ਕਿ ਜਦੋਂ ਤੱਕ ਪਰਚੇ ਵਿੱਚ ਅਤੇ ਵੀਡੀਓ ਰਾਹੀਂ ਮ੍ਰਿਤਕ ਲੜਕੀ ਵੱਲੋਂ ਜਿਹਨਾਂ ਜਿਹਨਾਂ ਦੇ ਨਾਮ ਨਸ਼ਰ ਕੀਤੇ ਗਏ ਉਹਨਾਂ ਸਾਰਿਆਂ ਨੂੰ ਫੜਿਆ ਨਹੀਂ ਜਾਂਦਾ ਉਦੋ ਤੱਕ ਤਿੰਨਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button