
ਲੁਧਿਆਣਾ, 25 ਦਸੰਬਰ : ਮੁਹੱਲਾ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਪਰਿਵਾਰ ਦਾ ਕਰੀਬ 15 ਸਾਲ ਦਾ ਨਾਬਾਲਿਗ ਲੜਕਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਲਾਪਤਾ ਹੋਏ ਲੜਕੇ ਦੇ ਪਿਤਾ ਪ੍ਰਦੀਪ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਨਾਬਾਲਿਗ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਦੀਪ ਕੁਮਾਰ ਮੁਤਾਬਕ ਉਸ ਦਾ ਲੜਕਾ ਇੱਕ ਨਿੱਜੀ ਸਕੂਲ ਵਿੱਚ ਪੇਪਰ ਦੇਣ ਗਿਆ ਸੀ। ਸਕੂਲ ਵਿੱਚ ਉਸ ਕੋਲ ਜ਼ਿਆਦਾ ਪੈਸੇ ਵੇਖ ਕੇ ਅਧਿਆਪਕ ਨੇ ਮੁਦਈ ਨੂੰ ਸੂਚਿਤ ਕੀਤਾ ਅਤੇ ਬੱਚੇ ਕੋਲੋਂ ਲਏ ਹੋਏ ਪੈਸੇ ਮੁਦਈ ਨੂੰ ਵਾਪਸ ਕਰ ਦਿੱਤੇ। ਸਕੂਲ ਤੋਂ ਛੁੱਟੀ ਕਰਕੇ ਬੱਚਾ ਟਿਊਸ਼ਨ ਪੜਨ ਗਿਆ, ਪਰ ਮੁੜ ਘਰ ਵਾਪਸ ਨਹੀਂ ਆਇਆ। ਉਨ੍ਹਾਂ ਆਪਣੇ ਪੱਧਰ ਤੇ ਲੜਕੇ ਦੀ ਕਾਫੀ ਭਾਲ ਕੀਤੀ, ਪਰ ਇੱਕ ਜਗ੍ਹਾ ਸੀਸੀਟੀਵੀ ਕੈਮਰੇ ਵਿੱਚ ਤਸਵੀਰ ਕੈਦ ਹੋਣ ਤੋਂ ਇਲਾਵਾ ਪੁਲਿਸ ਹੱਥ ਉਕਤ ਲਾਪਤਾ ਬੱਚੇ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਿਆ। ਮੁਦਾਈ ਨੇ ਖਦਸ਼ਾ ਜਾਹਿਰ ਕੀਤਾ ਕਿ ਉਸ ਦੇ ਲੜਕੇ ਨੂੰ ਕਿਸੇ ਨੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ।



