ਦਿਲ ਕੰਬਾਊ ਹਾਦਸਾ: ਹਾਈਵੇਅ ‘ਤੇ ਕਾਰ ਬਣੀ ਅੱਗ ਦਾ ਗੋਲਾ
ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਮੇਤ 3 ਜ਼ਿੰਦਾ ਸੜੇ

ਨਾਰਨੌਲ, 25 ਦਸੰਬਰ : ਹਰਿਆਣਾ ਦੇ ਨਾਰਨੌਲ ਵਿੱਚ ਬੁੱਧਵਾਰ ਦੇਰ ਰਾਤ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰ ਗਿਆ। ਨੈਸ਼ਨਲ ਹਾਈਵੇਅ ਨੰਬਰ 152-D ‘ਤੇ ਟੋਲ ਪਲਾਜ਼ਾ ਤੋਂ ਕੁਝ ਦੂਰੀ ਪਹਿਲਾਂ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਤੁਰੰਤ ਅੱਗ ਲੱਗ ਗਈ ਅਤੇ ਕਾਰ ਸਵਾਰ ਤਿੰਨੋਂ ਵਿਅਕਤੀ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਪਾ ਸਕੇ। ਦੇਖਦੇ ਹੀ ਦੇਖਦੇ ਕਾਰ ਅੱਗ ਦਾ ਗੋਲਾ ਬਣ ਗਈ ਅਤੇ ਤਿੰਨਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਵਿੱਚ ਪਿੰਡ ਨੀਰਪੁਰ ਦੇ ਰਹਿਣ ਵਾਲੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਐਡਵੋਕੇਟ ਰਾਜਕੁਮਾਰ ਯਦੂਵੰਸ਼ੀ, ਕੱਪੜਾ ਵਪਾਰੀ ਰਵੀਦੱਤ ਉਰਫ਼ ਦਾਰਾ ਸਿੰਘ ਅਤੇ ਟੈਕਸੀ ਡਰਾਈਵਰ ਪ੍ਰਵੀਨ ਉਰਫ਼ ਪੌਮੀ ਦੀ ਜਾਨ ਚਲੀ ਗਈ। ਦੱਸਿਆ ਗਿਆ ਹੈ ਕਿ ਤਿੰਨੋਂ ਰਾਤ ਕਰੀਬ ਢਾਈ ਵਜੇ ਕਾਰ ਵਿੱਚ ਸਵਾਰ ਹੋ ਕੇ ਕਿਸੇ ਕੰਮ ਤੋਂ ਵਾਪਸ ਆ ਰਹੇ ਸਨ। ਇਸੇ ਦੌਰਾਨ ਪਿੱਛੋਂ ਆਏ ਕੈਂਟਰ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਅਤੇ ਕੈਂਟਰ ਦੋਵਾਂ ਨੂੰ ਅੱਗ ਲੱਗ ਗਈ। ਕੈਂਟਰ ਚਾਲਕ ਗੱਡੀ ਤੋਂ ਕੁੱਦ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਕਾਰ ਵਿੱਚ ਫਸੇ ਤਿੰਨੋਂ ਲੋਕਾਂ ਦੀ ਸੜ ਕੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਕੜੀ ਮਸ਼ੱਕਤ ਤੋਂ ਬਾਅਦ ਤਿੰਨਾਂ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਮ੍ਰਿਤਕ ਰਾਜਕੁਮਾਰ ਯਦੂਵੰਸ਼ੀ ਪੇਸ਼ੇ ਤੋਂ ਵਕੀਲ ਸਨ ਅਤੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹਿ ਚੁੱਕੇ ਸਨ। ਰਵੀਦੱਤ ਦਾ ਨਾਰਨੌਲ ਵਿੱਚ ਸੁਭਾਸ਼ ਪਾਰਕ ਦੇ ਸਾਹਮਣੇ ਕੱਪੜੇ ਦਾ ਵੱਡਾ ਸ਼ੋਅਰੂਮ ਹੈ, ਜਦਕਿ ਪ੍ਰਵੀਨ ਟੈਕਸੀ ਚਾਲਕ ਸੀ ਅਤੇ ਕੁਆਰਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਕੈਂਟਰ ਚਾਲਕ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਸਾਹਮਣੇ ਆਈ ਹੈ। ਫ਼ਰਾਰ ਚਾਲਕ ਦੀ ਭਾਲ ਲਈ ਪੁਲਿਸ ਟੀਮਾਂ ਜੁਟੀਆਂ ਹੋਈਆਂ ਹਨ। ਇਸ ਦਰਦਨਾਕ ਹਾਦਸੇ ਕਾਰਨ ਨਾਰਨੌਲ ਸ਼ਹਿਰ ਅਤੇ ਪਿੰਡ ਨੀਰਪੁਰ ਵਿੱਚ ਸੋਗ ਦਾ ਮਾਹੌਲ ਹੈ।



