
ਲੁਧਿਆਣਾ, 22 ਦਸੰਬਰ : ਹਵਸ ਵਿੱਚ ਅੰਨ੍ਹਾ ਹੋਇਆ ਇੱਕ ਪ੍ਰਵਾਸੀ ਤਾਜਪੁਰ ਰੋਡ ’ਤੇ ਪੈਂਦੇ ਇੱਕ ਮੁਹੱਲੇ ਦੇ ਘਰ ਅੰਦਰ ਦਾਖ਼ਲ ਹੋ ਕੇ 10 ਸਾਲ ਦੀ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ। ਘਰ ਵਿੱਚ ਮੌਜੂਦ ਲੜਕੀ ਦੀ ਨਾਨੀ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਪੜਤਾਲ ਕਰ ਰਹੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਗਲੀ ਨੰਬਰ ਚਾਰ ਸੇਖੇਵਾਲ ਸ਼ਿਵਪੁਰੀ ਦੇ ਰਹਿਣ ਵਾਲੇ ਗੋਲਡੀ ਦੇ ਖ਼ਿਲਾਫ਼ ਪੋਸਕੋ ਐਕਟ ਅਤੇ ਬੀਐਨਐਸ ਦੀਆਂ ਹੋਰ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਤਾਜਪੁਰ ਰੋਡ ਦੇ ਇੱਕ ਮੁਹੱਲੇ ਦੀ ਰਹਿਣ ਵਾਲੀ ਹੈ। ਸ਼ਿਕਾਇਤ ਕਰਤਾ ਕਿਸੇ ਕੰਮ ਦੇ ਸੰਬੰਧ ਵਿੱਚ ਘਰ ਤੋਂ ਬਾਹਰ ਸੀ। ਇਸੇ ਦੌਰਾਨ ਬੀਤੀ ਸ਼ਾਮ 7:30 ਵਜੇ ਦੇ ਕਰੀਬ ਉਸਦੀ ਮਾਤਾ ਦਾ ਫੋਨ ਆਇਆ ਅਤੇ ਉਸਨੇ ਸ਼ਿਕਾਇਤਕਰਤਾ ਨੂੰ ਤੁਰੰਤ ਘਰ ਬੁਲਾਇਆ। ਘਰ ਜਾ ਕੇ ਪਤਾ ਲੱਗਾ ਕਿ ਇੱਕ 30 ਕੁ ਸਾਲਾਂ ਵਿਅਕਤੀ ਨੇ ਉਸਦੀ 10 ਸਾਲ ਦੀ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਉਸਦੀ ਬੇਟੀ ਉੱਪਰ ਵਾਲੇ ਪੋਰਸ਼ਨ ਵਿੱਚ ਰਸੋਈ ਵਿੱਚ ਖੜ੍ਹ ਕੇ ਚਾਹ ਬਣਾ ਰਹੀ ਸੀ।



