Punjab

17 ਸਾਲਾ ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਕਰ’ਤਾ ਇਹ ਕਾਰਾ

ਨਵੀਂ ਦਿੱਲੀ, 21 ਦਸੰਬਰ : ਗੁਜਰਾਤ ਦੇ ਵਡੋਦਰਾ ਤੋਂ ਪਿਓ-ਧੀ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਥਿਤ ਤੌਰ ‘ਤੇ ਇੱਕ ਨਾਬਾਲਗ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਵਾ ਦਿੱਤਾ। ਇਸ ਪਿੱਛੇ ਵਜ੍ਹਾ ਧੀ ਦੇ ਪ੍ਰੇਮ ਸਬੰਧਾਂ ਦਾ ਪਿਤਾ ਵੱਲੋਂ ਵਿਰੋਧ ਕਰਨਾ ਦੱਸਿਆ ਜਾ ਰਿਹਾ ਹੈ। ਦਰਅਸਲ, ਵਡੋਦਰਾ ਦੇ ਪਡਰਾ ਪਿੰਡ ਵਿੱਚ 17 ਸਾਲਾ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਿਤਾ ਸ਼ਾਨਾ ਚਵੜਾ ਦੇ ਕਤਲ ਦੀ ਸਾਜ਼ਿਸ਼ ਰਚੀ। ਇਸ ਤੋਂ ਬਾਅਦ ਰਣਜੀਤ (ਪ੍ਰੇਮੀ) ਨੇ ਆਪਣੀ ਪ੍ਰੇਮਿਕਾ ਦੇ ਪਿਓ ਨੂੰ ਚਾਕੂਆਂ ਨਾਲ ਗੋਦ ਕੇ ਮਾਰ ਦਿੱਤਾ।

ਬੇਹੋਸ਼ੀ ਦੀ ਦਵਾਈ ਖਵਾ ਕੇ ਪ੍ਰੇਮੀ ਨੂੰ ਬੁਲਾਇਆ

ਜਾਣਕਾਰੀ ਅਨੁਸਾਰ, ਕੁੜੀ ਨੇ ਵੀਰਵਾਰ ਦੀ ਰਾਤ ਨੂੰ ਆਪਣੇ ਮਾਤਾ-ਪਿਤਾ ਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਮਿਲਾ ਦਿੱਤੀ। ਜਦੋਂ ਮਾਤਾ-ਪਿਤਾ ਬੇਹੋਸ਼ ਹੋ ਗਏ ਤਾਂ ਉਸ ਨੇ ਰਾਤ ਨੂੰ ਆਪਣੇ ਪ੍ਰੇਮੀ ਨੂੰ ਫ਼ੋਨ ਕੀਤਾ। ਇਸ ਤੋਂ ਬਾਅਦ ਨੌਜਵਾਨ ਆਪਣੇ ਇੱਕ ਸਾਥੀ ਨਾਲ ਘਰ ਪਹੁੰਚਿਆ ਅਤੇ ਸ਼ਾਨਾ ਚਵੜਾ ‘ਤੇ ਚਾਕੂਆਂ ਨਾਲ ਵਾਰ-ਵਾਰ ਹਮਲਾ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਕੁੜੀ ਉਸੇ ਕਮਰੇ ਦੀ ਖਿੜਕੀ ਤੋਂ ਇਸ ਖ਼ੂਨੀ ਹਮਲੇ ਨੂੰ ਦੇਖਦੀ ਰਹੀ ਜਿਸ ਵਿੱਚ ਉਸਨੂੰ ਬੰਦ ਕੀਤਾ ਗਿਆ ਸੀ। ‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਅਨੁਸਾਰ, ਮ੍ਰਿਤਕ ਦੇ ਭਰਾ ਦੀ ਸੂਚਨਾ ‘ਤੇ ਸ਼ੁੱਕਰਵਾਰ (19 ਦਸੰਬਰ) ਨੂੰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਬਰਾਮਦ ਕੀਤੀ। ਪਰਿਵਾਰ ਦੀ ਸ਼ਿਕਾਇਤ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਸ਼ੁਰੂਆਤੀ ਜਾਂਚ ਵਿੱਚ ਹੀ ਪੁਲਿਸ ਨੂੰ ਮ੍ਰਿਤਕ ਦੀ ਨਾਬਾਲਗ ਧੀ ‘ਤੇ ਸ਼ੱਕ ਹੋਇਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਕਤਲ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।

ਮਾਰਨ ਦੀ ਪਹਿਲਾਂ ਵੀ ਕੋਸ਼ਿਸ਼ ਕਰ ਚੁੱਕੀ ਸੀ ਧੀ

ਵਡੋਦਰਾ ਦੇ ਐਸਪੀ (SP) ਸੁਸ਼ੀਲ ਅਗਰਵਾਲ ਨੇ ਦੱਸਿਆ ਕਿ ਪਿਤਾ ਦੋਵਾਂ ਧੀਆਂ ਦੇ ਪ੍ਰੇਮ ਵਿਆਹ ਦਾ ਸਖ਼ਤ ਵਿਰੋਧ ਕਰ ਰਹੇ ਸਨ। ਵੱਡੀ ਧੀ ਪਹਿਲਾਂ ਹੀ ਉਨ੍ਹਾਂ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰ ਚੁੱਕੀ ਸੀ, ਇਸ ਲਈ ਉਹ ਛੋਟੀ ਧੀ ਦੇ ਸਬੰਧਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਸਨ। ਐਸਪੀ ਨੇ ਦੱਸਿਆ ਕਿ ਕੁੜੀ ਨੇ ਤਿੰਨ ਦਿਨਾਂ ਵਿੱਚ ਤਿੰਨ ਵਾਰ ਮਾਤਾ-ਪਿਤਾ ਨੂੰ ਬੇਹੋਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। 16 ਦਸੰਬਰ ਤੋਂ ਸ਼ੁਰੂ ਹੋਈ ਇਸ ਕੋਸ਼ਿਸ਼ ਵਿੱਚ ਪਹਿਲੀਆਂ ਦੋ ਕੋਸ਼ਿਸ਼ਾਂ ਨਾਕਾਮ ਰਹੀਆਂ। ਪਹਿਲੇ ਦਿਨ ਉਸਨੇ ਪਾਣੀ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਪਰ ਮਾਂ ਨੂੰ ਸਵਾਦ ਅਜੀਬ ਲੱਗਿਆ ਅਤੇ ਉਨ੍ਹਾਂ ਨੇ ਪਾਣੀ ਨਹੀਂ ਪੀਤਾ ਪਰ ਅਖੀਰ ਵੀਰਵਾਰ ਨੂੰ ਉਹ ਸਫਲ ਹੋ ਗਈ, ਜਿਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਪਿਤਾ ਦਾ ਕਤਲ ਕਰਵਾ ਦਿੱਤਾ।

Related Articles

Leave a Reply

Your email address will not be published. Required fields are marked *

Back to top button