
ਲੁਧਿਆਣਾ, 14 ਦਸੰਬਰ : ਹਵਸ ਵਿੱਚ ਅੰਨ੍ਹੇ ਹੋਏ ਅਧੇੜ ਉਮਰ ਦੇ ਇਕ ਵਿਅਕਤੀ ਨੇ ਆਪਣੇ ਦੋਸਤ ਦੀ ਨਾਬਾਲਿਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਲੜਕੀ ਮੁਲਜ਼ਮ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦੀ ਸੀ ਅਤੇ ਉਹ ਇਸੇ ਵਿਸ਼ਵਾਸ ਦੇ ਚੱਲਦਿਆਂ ਉਸ ਨਾਲ ਦੁੱਧ ਖਰੀਦਣ ਚਲੀ ਗਈ ਪਰ ਮੁਲਜ਼ਮ ਨੇ ਉਸ ਮਾਸੂਮੀਅਤ ਦਾ ਫਾਇਦਾ ਚੁੱਕਦਿਆਂ ਬੱਚੀ ਦੀ ਆਬਰੂ ਤਾਰ-ਤਾਰ ਕਰ ਦਿੱਤੀ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕੰਗਣਵਾਲ ਦੇ ਪ੍ਰੇਮ ਨਗਰ ਇਲਾਕੇ ਦੇ ਰਹਿਣ ਵਾਲੇ ਮੁਲਜ਼ਮ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਥਾਣਾ ਸਾਹਨੇਵਾਲ ਦੇ ਅਧੀਨ ਆਉਂਦੇ ਇੱਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਉਸ ਦੇ ਪਤੀ ਦਾ ਪੁਰਾਣਾ ਦੋਸਤ ਹੈ। ਪਿਛਲੇ 17 ਸਾਲ ਤੋਂ ਦੋਵੇਂ ਪਰਿਵਾਰ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਹਨ। ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨ ਉਸ ਦੀ 13 ਸਾਲ ਦੀ ਬੇਟੀ ਰੋਂਦੀ ਹੋਈ ਘਰ ਆਈ। ਲੜਕੀ ਦੀ ਹੱਡ ਬੀਤੀ ਸੁਣ ਕੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਬੱਚੀ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਮੁਲਜ਼ਮ ਸੋਨੂੰ ਨੇ ਉਸ ਨੂੰ ਆਖਿਆ ਕਿ ਉਸ ਦੇ ਪਿਤਾ ਨੇ ਦੁੱਧ ਲੈਣ ਲਈ ਭੇਜਿਆ ਹੈ। ਸੋਨੂੰ ਨੂੰ ਆਪਣਾ ਪਰਿਵਾਰਿਕ ਮੈਂਬਰ ਸਮਝ ਕੇ ਲੜਕੀ ਉਸ ਨਾਲ ਚਲੀ ਗਈ। ਹਵਸ ਵਿਚ ਅੰਨ੍ਹਾ ਹੋਇਆ ਮੁਲਜ਼ਮ ਲੜਕੀ ਨੂੰ ਗੱਲਾਂ ਵਿੱਚ ਲਗਾ ਕੇ ਕੰਗਣਵਾਲ ਇਲਾਕੇ ਵਿੱਚ ਪੈਂਦੇ ਖੰਡਰ ਵਿੱਚ ਲੈਣ ਗਿਆ, ਜਿੱਥੇ ਉਸ ਨੇ ਲੜਕੀ ਦਾ ਗਲਾ ਦਬਾਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦੀ ਆਬਰੂ ਲੁੱਟ ਲਈ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਲੜਕੀ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਮੁਲਜ਼ਮ ਸੋਨੂੰ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਨਾਕਾਬੰਦੀ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਭਲਕੇ ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰੇਗੀ।



