Punjab

ਗੈਂਗਸਟਰ ਗੋਲਡੀ ਬਰਾੜ ਗਰੁੱਪ ਦੇ ਮੈਂਬਰ ਗ੍ਰਿਫ਼ਤਾਰ

ਕਾਰੋਬਾਰੀਆਂ ਕੋਲੋਂ ਫਿਰੌਤੀ ਵਸੂਲਣ ਲਈ ਸਨ ਸਰਗਰਮ

ਲੁਧਿਆਣਾ, 13 ਦਸੰਬਰ: ਚਰਚਾ ਵਿਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਕੁਝ ਸਾਥੀਆਂ ਦੀ ਪਛਾਣ ਕਰਕੇ ਲੁਧਿਆਣਾ ਪੁਲਿਸ ਨੇ ਗੈਂਗਸਟਰ ਦੇ ਨਜ਼ਦੀਕੀ ਦੋ ਗੈਂਗ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਸੰਪਰਕ ਵਿੱਚ ਰਹਿਣ ਵਾਲੇ 15 ਦੇ ਕਰੀਬ ਹੋਰ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਲੁਧਿਆਣਾ ਦੇ ਡਿਵੀਜ਼ਨ ਨੰਬਰ ਚਾਰ ਦੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਗੋਲਡੀ ਬਰਾੜ ਗੈਂਗਸਟਰ ਵੱਲੋਂ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਵਸੂਲਣ ਲਈ ਜਿੰਮੇਵਾਰੀ ਸੌਂਪੀ ਗਈ ਸੀ। ਪੁਲਿਸ ਸ਼ੁਰੂਆਤੀ ਪੜਤਾਲ ਦੌਰਾਨ ਜਤਨ ਉਰਫ ਸੈਮ ਅਤੇ ਜਸਪ੍ਰੀਤ ਸਿੰਘ ਨਾਮ ਦੇ ਦੋ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਕੋਲੋਂ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ 12 ਦਸੰਬਰ ਨੂੰ ਸਥਾਨਕ ਵੇਦ ਮੰਦਰ ਚੌਂਕ ਦਰੇਸੀ ਗਰਾਊਂਡ ਕੋਲੋਂ ਗੁਪਤ ਰੂਪ ਨਾਲ ਮਿਲੀ ਜਾਣਕਾਰੀ ਦੇ ਆਧਾਰ ਤੇ ਇਨ੍ਹਾਂ ਦੋਨਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗੈਂਗ ਵੱਲੋਂ ਫਿਰੌਤੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਅਤੇ ਲੁਧਿਆਣਾ ਸਮੇਤ ਆਸ-ਪਾਸ ਵੱਡੇ ਕਾਰੋਬਾਰੀਆਂ ਕੋਲੋਂ ਫਿਰੌਤੀ ਵਸੂਲਣ ਅਤੇ ਗੈਂਗ ਦੀਆਂ ਜੜ੍ਹਾਂ ਹੋਰ ਫੈਲਾਉਣ ਦੀ ਨੀਅਤ ਨਾਲ ਨਵੇਂ ਮੈਂਬਰਾਂ ਨੂੰ ਗਰੁੱਪ ਨਾਲ ਜੋੜਿਆ ਗਿਆ ਸੀ। ਬਹਿਰਹਾਲ ਪੁਲਿਸ ਵੱਲੋਂ ਉਕਤ ਮਾਮਲੇ ਸਬੰਧੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਸ਼ੁਭਮ ਗਰੋਵਰ, ਮਾਨਵ ਵਿਕਾਸ,ਸੰਦੀਪ, ਰਜੇਸ਼ ਉਰਫ ਕੰਨੂ, ਨਰੇਸ਼ ਸੋਨੀ, ਜਤਿਨ ਕਟਾਰੀਆ, ਬਿਕਰਮ, ਸੰਦੀਪ, ਰਾਜਨ ਸਿੱਧੂ, ਜਸਪ੍ਰੀਤ ਸਿੰਘ ਉਰਫ ਜਸ ਅਤੇ ਜਤਿਨ ਉਰਫ ਸੈਮ ਸਮੇਤ 15 ਗੈਂਗ ਮੈਂਬਰਾਂ ਖਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਅਸਲਾ ਅਤੇ ਅਹਿਮ ਜਾਣਕਾਰੀਆਂ ਹਾਸਲ ਹੋਈਆਂ ਹਨ। ਜਿਸ ਆਧਾਰ ਤੇ ਪੁਲਿਸ ਨੇ ਇਨ੍ਹਾਂ ਦੇ ਸੰਪਰਕ ਵਿੱਚ ਰਹਿਣ ਵਾਲੇ ਬਾਕੀ ਮੈਂਬਰਾਂ ਖਿਲਾਫ ਵੀ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀਆਂ ਸ਼ੁਰੂ ਕਰ ਦਿੱਤੀਆਂ ਹਨ। ਛਾਪੇਮਾਰੀਆਂ ਦੇ ਦੌਰ ਵਿੱਚ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਸਮੇਤ ਸੀਆਈਏ ਅਤੇ ਐਂਟੀ ਗੈਂਗਸਟਰ ਫੋਰਸ ਦੇ ਮੈਂਬਰਾਂ ਦਾ ਸਹਿਯੋਗ ਲੈ ਕੇ ਮੁਲਜ਼ਮਾ ਵੱਲੋਂ ਟਾਰਗੇਟ ਬਣਾਏ ਜਾਣ ਵਾਲੇ ਕਾਰੋਬਾਰੀਆਂ ਸਬੰਧੀ ਜਾਣਕਾਰੀਆਂ ਹਾਸਲ ਕੀਤੀਆਂ ਜਾਣਗੀਆਂ।

Related Articles

Leave a Reply

Your email address will not be published. Required fields are marked *

Back to top button