Punjab

ਈ.ਡੀ. ਵੱਲੋਂ ਪੌਣੇ 4 ਕਰੋੜ ਦੀਆਂ ਮਨੋਰੋਗੀ ਦਵਾਈਆਂ ਦੇ ਰੈਕੇਟ ਦਾ ਪਰਦਾਫਾਸ਼

ਜਲੰਧਰ, 11 ਦਸੰਬਰ ਜਲੰਧਰ ਜ਼ੋਨ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਜ਼ੋਨ ਨੇ ਅਭਿਸ਼ੇਕ ਕੁਮਾਰ ਨੂੰ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਅਭਿਸ਼ੇਕ ’ਤੇ ਟਰਾਮਾਡੋਲ ਤੇ ਐਲਪ੍ਰਾਜ਼ੋਲਮ ਵਰਗੀਆਂ ਸਾਇਕੋਟ੍ਰੋਪਿਕ ਗੋਲੀਆਂ ਨੂੰ ਵੱਡੀ ਮਾਤਰਾ ’ਚ ਗੈਰਕਾਨੂੰਨੀ ਤਰੀਕੇ ਨਾਲ ਵੇਚ ਕੇ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਹੈ। ਦਾਅਵਾ ਹੈ ਕਿ ਅਭਿਸ਼ੇਕ ਆਪਣੀ ਫਰਮ ਰਾਹੀਂ ਫਾਰਮਾਸਿਊਟਿਕਲ ਕੰਪਨੀਆਂ ਤੋਂ ਨਸ਼ੀਲੀਆਂ ਦਵਾਈਆਂ ਮੰਗਵਾ ਕੇ ਨਸ਼ਾ ਤਸਕਰਾਂ ਦੇ ਜ਼ਰੀਏ ਬਾਜ਼ਾਰ ’ਚ ਮੂਲ ਤੋਂ ਕਾਫ਼ੀ ਵੱਧ ਕੀਮਤ ’ਤੇ ਵੇਚਦਾ ਸੀ। ਈਡੀ ਨੂੰ ਹੁਣ ਤੱਕ 3.75 ਕਰੋੜ ਰੁਪਏ ਦੀ ਗੜਬੜ ਦਾ ਪਤਾ ਲੱਗਿਆ ਹੈ। ਅਭਿਸ਼ੇਕ ਨੂੰ ਮੰਗਲਵਾਰ ਨੂੰ ਸਪੈਸ਼ਲ ਕੋਰਟ ਮੋਹਾਲੀ ’ਚ ਪੇਸ਼ ਕੀਤਾ ਗਿਆ, ਜਿੱਥੇ ਕੋਰਟ ਨੇ ਉਸ ਨੂੰ ਛੇ ਦਿਨ ਦੀ ਈਡੀ ਕਸਟਡੀ ’ਚ ਭੇਜ ਦਿੱਤਾ। ਈਡੀ ਨੇ ਇਹ ਜਾਂਚ ਪੰਜਾਬ ਪੁਲਿਸ ਵੱਲੋਂ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤੇ ਕੇਸ ਦੇ ਆਧਾਰ ’ਤੇ ਸ਼ੁਰੂ ਕੀਤੀ ਸੀ, ਜਿਸ ’ਚ ਟਰਾਮਾਡੋਲ ਤੇ ਐਲਪ੍ਰਾਜ਼ੋਲਮ ਵਰਗੀਆਂ ਸਾਇਕੋਟ੍ਰੋਪਿਕ ਦਵਾਈਆਂ ਦੀ ਵੱਡੇ ਪੱਧਰ ’ਤੇ ਇੰਟਰ-ਸਟੇਟ ਟ੍ਰੈਫਿਕਿੰਗ ਦਾ ਦੋਸ਼ ਸੀ। ਜਾਂਚ ਦੌਰਾਨ ਅਭਿਸ਼ੇਕ ਕੁਮਾਰ ਤੇ ਹੋਰ ਸਬੰਧਤ ਸੰਸਥਾਵਾਂ ਦੇ 16 ਟਿਕਾਣਿਆਂ ’ਤੇ ਛਾਪੇ ਮਾਰੇ ਗਏ ਤੇ ਕਈ ਮਹੱਤਵਪੂਰਨ ਰਿਕਾਰਡ ਜ਼ਬਤ ਕੀਤੇ ਗਏ। ਈਡੀ ਦੀ ਜਾਂਚ ’ਚ ਸਾਹਮਣੇ ਆਇਆ ਕਿ ਹੋਲਸੇਲਰ ਤੇ ਰਿਟੇਲਰ ਵਰਗੇ ਬਿਚੋਲੀਆਂ ਨੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਬਾਓਜੈਨੇਟਿਕ ਡਰੱਗਜ਼ ਪ੍ਰਾ. ਲਿਮਿਟਡ, ਸੀਬੀ ਹੈਲਥ ਕੇਅਰ, ਸਮੀਲੇਕਲ ਫਾਰਮਾਚੇਮ ਡਰੱਗ ਇੰਡਸਟਰੀ, ਅਸਤਰ ਫਾਰਮਾ, ਸੌਲ ਹੈਲਥ ਕੇਅਰ ਪ੍ਰਾ. ਲਿਮਿਟਡ ਤੋਂ ਵੱਡੀ ਮਾਤਰਾ ’ਚ ਸਾਇਕੋਟ੍ਰੋਪਿਕ ਟੈਬਲਟਾਂ ਖਰੀਦੀਆਂ। ਇਹ ਗੋਲੀਆਂ ਫਿਰ ਡਰੱਗ ਪੈਡਲਰਾਂ ਰਾਹੀਂ ਰਿਟੇਲ ਕੀਮਤ ਤੋਂ ਕਈ ਗੁਣਾ ਮਹਿੰਗੀਆਂ ਬਲੈਕ ਮਾਰਕੀਟ ’ਚ ਵੇਚੀਆਂ ਜਾ ਰਹੀਆਂ ਸਨ, ਜਿਸ ਨਾਲ ਇਨ੍ਹਾਂ ਨੂੰ ਵੱਡੀ ਕਮਾਈ ਹੋ ਰਹੀ ਸੀ। ਜਾਂਚ ’ਚ ਇਹ ਵੀ ਮਿਲਿਆ ਕਿ ਅਭਿਸ਼ੇਕ ਕੁਮਾਰ ਨੇ ਆਪਣੀ ਫਰਮ ਸ਼੍ਰੀ ਸ਼ਿਆਮ ਮੈਡੀਕਲ ਏਜੰਸੀ ਰਾਹੀਂ ਹੋਲਸੇਲਰਾਂ ਤੇ ਮੈਨੂਫੈਕਚਰਰਾਂ ਤੋਂ ਇਹ ਸਾਇਕੋਟ੍ਰੋਪਿਕ ਟੈਬਲਟਾਂ ਵੱਡੀ ਮਾਤਰਾ ’ਚ ਖਰੀਦੀਆਂ ਤੇ ਲਗਪਗ 75 ਫੀਸਦੀ ਸਟਾਕ ਨੂੰ ਗੈਰਕਾਨੂੰਨੀ ਤਰੀਕੇ ਨਾਲ ਬਿਨਾਂ ਹਿਸਾਬ-ਕਿਤਾਬ ਵੇਚ ਦਿੱਤਾ। ਇਨ੍ਹਾਂ ਗੈਰਕਾਨੂੰਨੀ ਲੈਣ-ਦੇਣ ਨੂੰ ਛੁਪਾਉਣ ਲਈ, ਕਾਨੂੰਨੀ ਬਿੱਲਾਂ ’ਚ ਬਾਕਸਾਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਸੀ, ਤਾਂ ਜੋ ਗੈਰਕਾਨੂੰਨੀ ਤਰੀਕੇ ਨਾਲ ਵੇਚੇ ਬਾਕਸਾਂ ਨੂੰ ਕਾਗਜ਼ੀ ਕਾਰਵਾਈ ’ਚ ਲੈਜਿਟਿਮੇਟ ਸੇਲ ਵਜੋਂ ਦਰਸਾਇਆ ਜਾ ਸਕੇ। ਇਨ੍ਹਾਂ ਦੀ ਕੈਸ਼ ਕੀਮਤ 3.75 ਕਰੋੜ ਰੁਪਏ ਬਣਦੀ ਹੈ। ਇਸ ਮਾਮਲੇ ’ਚ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button