
ਜਲੰਧਰ, 3 ਦਸੰਬਰ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (Ravneet Bittu) ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਹੈ। ਇਹ ਨੋਟਿਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੇ ਜਾਰੀ ਕੀਤਾ ਹੈ। ਬਿੱਟੂ ‘ਤੇ ਦੋਸ਼ ਲੱਗਿਆ ਹੈ ਕਿ ਨੰਗਲ ਟਾਊਨਸ਼ਿਪ ਕਲੋਨੀ ‘ਚ ਉਨ੍ਹਾਂ ਦੇ ਨਾਂ ਉੱਪਰ ਅਲਾਟ ਹੋਏ BBMB ਦੇ ਦੋ ਮਕਾਨਾਂ ਨੂੰ ਅਜੇ ਤਕ ਬਿਨਾਂ ਜਾਇਜ਼ ਇਜਾਜ਼ਤ ਦੇ ਕਬਜ਼ੇ ‘ਚ ਰੱਖਿਆ ਹੋਇਆ ਹੈ। ਬਿੱਟੂ ਨੂੰ ਇਹ ਮਕਾਨ ਉਨ੍ਹਾਂ ਦੇ ਕਾਂਗਰਸ ਪਾਰਟੀ ਤੋਂ ਸੰਸਦ ਮੈਂਬਰ ਰਹਿੰਦੇ ਸਮੇਂ ਅਲਾਟ ਹੋਏ ਸਨ। ਖ਼ਾਸ ਗੱਲ ਇਹ ਹੈ ਕਿ ਇਸ ‘ਚੋਂ ਇਕ ਮਕਾਨ (48-I) ਅੱਜ ਵੀ ਕਾਂਗਰਸ ਦਫ਼ਤਰ ਦੇ ਰੂਪ ‘ਚ ਇਸਤੇਮਾਲ ਹੋ ਰਿਹਾ ਹੈ। ਮੰਤਰੀ ਰਵਨੀਤ ਬਿੱਟੂ ਨੂੰ ਕਈ ਵਾਰ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਬਾਅਦ BBMB ਨੇ ਉਨ੍ਹਾਂ ‘ਤੇ ਰੈਂਟ (ਕਿਰਾਇਆ) ਲਗਾਉਣਾ ਸ਼ੁਰੂ ਕਰ ਦਿੱਤਾ। ਹੁਣ ਬੋਰਡ ਨੇ ਉਸੇ ਦਾ ਰਿਕਵਰੀ ਨੋਟਿਸ ਜਾਰੀ ਕੀਤਾ ਹੈ।



