
ਲੁਧਿਆਣਾ, 30 ਨਵੰਬਰ: ਲੁਧਿਆਣਾ ਵਿੱਚ ਪਿੰਡ ਲਲਤੋਂ ਨੇੜੇ ਬਾਠ ਕੈਸਲ ਰਿਜ਼ੋਰਟ ਵਿੱਚ ਸ਼ਨੀਵਾਰ ਦੇਰ ਰਾਤ ਦੋ ਧੜਿਆਂ ਵਿੱਚ ਗੈਂਗਵਾਰ ਹੋ ਗਈ। ਦੋਵੇਂ ਧਿਰਾਂ ਵੱਲੋਂ 50 ਤੋਂ ਵੱਧ ਰਾਊਂਡ ਫ਼ਾਇਰਿੰਗ ਕੀਤੀ ਗਈ। ਜਿਸ ਵਿੱਚ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਬਰਾਤੀ ਜ਼ਖ਼ਮੀ ਹੋ ਗਏ। ਫ਼ਾਇਰਿੰਗ ਦੌਰਾਨ ਬਰਾਤੀਆਂ ਨੇ ਕੁਰਸੀਆਂ ਦੇ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਦੋਵੇਂ ਧਿਰਾਂ ਦੇ ਗੈਂਗਸਟਰ ਫ਼ਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਭਾਰੀ ਗਿਣਤੀ ਵਿੱਚ ਪੁਲਿਸ ਮੌਕੇ ‘ਤੇ ਪਹੁੰਚੀ ਹੈ। ਉੱਥੇ ਹੀ ਜ਼ਖ਼ਮੀਆਂ ਨੂੰ ਡੀ.ਐਮ.ਸੀ. ਹਸਪਤਾਲ ਲਿਜਾਇਆ ਗਿਆ।
ਸ਼ਰਾਬ ਦੇ ਨਸ਼ੇ ਵਿੱਚ ਕੀਤੀ ਫ਼ਾਇਰਿੰਗ
ਜਾਣਕਾਰੀ ਮੁਤਾਬਕ, ਬਾਠ ਕੈਸਲ ਵਿੱਚ ਇੱਕ ਮੇਲੇ ਦੇ ਠੇਕੇਦਾਰ ਦਾ ਵਿਆਹ ਸੀ। ਇੱਥੇ ਸ਼ਹਿਰ ਦੇ ਵਿਧਾਇਕ ਅਤੇ ਹੋਰ ਆਗੂ ਵੀ ਬੁਲਾਏ ਗਏ ਸਨ। ਵਿਆਹ ਵਿੱਚ ਸਬਜ਼ੀ ਮੰਡੀ ਵਿੱਚ ਠੇਕੇਦਾਰੀ ਕਰਨ ਵਾਲੇ ਅਤੇ ਕੁਝ ਗੈਂਗਸਟਰ ਵੀ ਬੁਲਾਏ ਗਏ ਸਨ ਜਿਨ੍ਹਾਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਵਿਆਹ ਵਿੱਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਕਾਰਨ ਦੋਵਾਂ ਧਿਰਾਂ ਵੱਲੋਂ ਫ਼ਾਇਰਿੰਗ ਕੀਤੀ ਗਈ। ਜਿਸ ਵਿੱਚ ਇੱਕ ਔਰਤ ਸਮੇਤ ਦੋ ਦੀ ਮੌਤ ਹੋ ਗਈ ਅਤੇ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਦੇਰ ਰਾਤ ਤੱਕ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਰਹੀ।



