Punjab

ਬਿਕਰਮ ਮਜੀਠੀਆ ਦੇ ਵਕੀਲਾਂ ਨੇ ਹਾਈ ਕੋਰਟ ’ਚ ਦਾਖ਼ਲ ਕੀਤੀ ਅਰਜ਼ੀ

ਵਿਜੀਲੈਂਸ ਵੱਲੋਂ ਦਾਖ਼ਲ ਅਰਜ਼ੀ ਨੂੰ ਰਿਕਾਰਡ ’ਚ ਲੈਣ ਦੀ ਅਪੀਲ ਮਨਜ਼ੂਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 30 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਨਵੀਂ ਅਰਜ਼ੀ ਦਾਖ਼ਲ ਕੀਤੀ ਹੈ। ਇਸ ਅਰਜ਼ੀ ’ਚ ਬਚਾਅ ਪੱਖ ਨੇ ਮੁਹਾਲੀ ਦੀ ਟ੍ਰਾਇਲ ਕੋਰਟ ’ਚ ਬੀਤੀ 26 ਨਵੰਬਰ ਨੂੰ ਵਿਜੀਲੈਂਸ ਵੱਲੋਂ ਦਾਖ਼ਲ ਕੀਤੀ ਗਈ ਅਰਜ਼ੀ ਨੂੰ ਰਿਕਾਰਡ ’ਚ ਲੈਣ ਦੀ ਅਪੀਲ ਕੀਤੀ ਹੈ। ਧਿਆਨ ਰਹੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਬੀਤੀ 20 ਨਵੰਬਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਉਦੋਂ ਸੂਬਾ ਸਰਕਾਰ ਹਾਈ ਕੋਰਟ ’ਚ ਮਜੀਠੀਆ ਦੀ ਜ਼ਮਾਨਤ ਦੇ ਵਿਰੋਧ ’ਚ ਇਹੀ ਦਲੀਲ ਦੇ ਰਹੀ ਸੀ ਕਿ ਹਾਲੇ ਇਸ ਮਾਮਲੇ ’ਚ ਜਾਂਚ ਜਾਰੀ ਹੈ, ਇਸ ਲਈ ਮੁਲਜ਼ਮ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਪਰ ਫ਼ੈਸਲਾ ਸੁਰੱਖਿਅਤ ਰੱਖਣ ਦੇ ਹਫਤੇ ’ਚ ਹੀ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਮੁਹਾਲੀ ਦੀ ਟ੍ਰਾਇਲ ਕੋਰਟ ’ਚ 26 ਨਵੰਬਰ ਨੂੰ ਅਰਜ਼ੀ ਦਾਖ਼ਲ ਕਰ ਕੇ ਕਿਹਾ ਕਿ ਮਜੀਠੀਆ ਦੇ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ। ਹਾਈ ਕੋਰਟ ਨੂੰ ਦੱਸਿਆ ਗਿਆ ਕਿ ਮਜੀਠੀਆ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ, ਜਦਕਿ ਦੂਜੇ ਪਾਸੇ ਮੁਹਾਲੀ ਦੀ ਟ੍ਰਾਇਲ ਕੋਰਟ ’ਚ ਸਰਕਾਰ ਖ਼ੁਦ ਮੰਨ ਚੁੱਕੀ ਹੈ ਕਿ ਮਜੀਠੀਆ ਦੇ ਮਾਮਲੇ ’ਚ ਜਾਂਚ ਪੂਰੀ ਹੋ ਚੁੱਕੀ ਹੈ। ਇਸ ’ਤੇ ਹਾਈ ਕੋਰਟ ਨੇ ਇਸ ਅਰਜ਼ੀ ’ਤੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਇਹ ਕੀ ਹੈ, ਤੁਸੀਂ ਕਿਵੇਂ ਕਹਿ ਰਹੇ ਸੀ ਕਿ ਜਾਂਚ ਹਾਲੇ ਵੀ ਜਾਰੀ ਹੈ ਪਰ ਅਰਜ਼ੀ ਤਾਂ ਦੱਸ ਰਹੀ ਹੈ ਕਿ ਤੁਹਾਡੀ ਜਾਂਚ ਪੂਰੀ ਹੋ ਚੁੱਕੀ ਹੈ। ਹਾਲਾਂਕਿ ਸਰਕਾਰ ਨੇ ਇਸ ਅਰਜ਼ੀ ਦਾ ਵਿਰੋਧ ਕੀਤਾ ਪਰ ਹਾਈ ਕੋਰਟ ਨੇ ਸਰਕਾਰ ਦੀਆਂ ਦਲੀਲਾਂ ਨੂੰ ਖ਼ਾਰਜ ਕਰਦੇ ਹੋਏ ਅਰਜ਼ੀ ਨੂੰ ਅੱਜ ਰਿਕਾਰਡ ’ਚ ਲੈ ਲਿਆ।

Related Articles

Leave a Reply

Your email address will not be published. Required fields are marked *

Back to top button