ਗੱਟੀ ਰਾਜੋ ਕੇ ਸਕੂਲ ਦੇ 08 ਵਿਦਿਆਰਥੀਆਂ ਆਰਮੀ ਲਈ ਚੁਣੇ ਗਏ
ਸਰਹੱਦੀ ਖੇਤਰ ਦੇ ਨੌਜਵਾਨਾਂ ਨੇ ਮਾਣਮੱਤੀ ਪ੍ਰਾਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਸਨਮਾਨਿਤ

ਸਕੂਲ ’ ਚ ਐਨ ਸੀ ਸੀ ਯੁਨਿਟ ਅਤੇ ਆਰਮੀ, ਬੀ ਐੱਸ ਐੱਫ ਅਧਿਕਾਰੀਆਂ ਦੇ ਦੌਰੇ ਬਨੇ ਵਰਦਾਨ
ਸਰਹੱਦੀ ਖੇਤਰ ਦੇ ਨੌਜਵਾਨ ,ਹੁਣ ਕਰਨਗੇ ਸਰਹੱਦਾਂ ਦੀ ਰਾਖੀ
ਫ਼ਿਰੋਜ਼ਪੁਰ, 28 ਨਵੰਬਰ (ਜਸਵਿੰਦਰ ਸਿੰਘ ਸੰਧੂ)– ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਫ਼ਿਰੋਜ਼ਪੁਰ ਦੇ 08 ਵਿਦਿਆਰਥੀਆਂ ਨੇ ਮਾਣਮੱਤੀ ਪ੍ਰਾਪਤੀ ਕਰਦੇ ਹੋਏ ਇੰਡੀਅਨ ਆਰਮੀ ਦੀ ਅਗਨੀਵੀਰ ਦੀ ਪ੍ਰੀਖਿਆ ਪਾਸ ਕਰਨ ਉਪਰੰਤ 2025 ਦੇ ਲਿਖਤੀ ਅਤੇ ਫਿਜੀਕਲ ਟੈੱਸਟ ਪਾਸ ਕਰਨ ਦੇ ਬਾਅਦ ਇਨ੍ਹਾਂ ਦੀ ਚੋਣ ਇੰਡੀਅਨ ਆਰਮੀ ਦੇ ਵਿੱਚ ਕੀਤੀ ਗਈ। ਸਕੂਲ ਦੇ ਇੰਚਾਰਜ ਤਜਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਨ੍ਹਾਂ ਵਿਦਿਆਰਥੀਆਂ ਵੱਲੋਂ ਪਹਿਲਾਂ ਐਨ.ਸੀ.ਸੀ. ਦੇ ਕੈਂਪ ਵੀ ਲਗਵਾਏ ਜਾਂਦੇ ਰਹੇ ਹਨ ਤੇ ਇਨ੍ਹਾਂ ਦੀ ਕੜੀ ਮਿਹਨਤ ਦੇ ਚੱਲਦਿਆਂ ਹੀ ਇਹ ਕੈਡਰ ਦੇ ਹੋਣਹਾਰ ਵਿਦਿਆਰਥੀ ਪ੍ਰੀਖਿਆ ਕਲੀਅਰ ਕਰ ਪਾਏ ਹਨ। ਸਕੂਲ ਦੇ ਐਨ.ਸੀ.ਸੀ. ਦੇ ਗਾਈਡ ਅਧਿਆਪਕ ਲੈਫਟੀਨੈਂਟ ਪ੍ਰਿਤਪਾਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਹੱਦੀ ਖੇਤਰ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਆਰਥਿਕ ਸਥਿੱਤੀ ਨੂੰ ਦੇਖਦੇ ਹੋਏ ਸਿੱਖਿਆ ਨੂੰ ਰੋਜ਼ਗਾਰ ਮੁੱਖੀ ਬਨਾਉਣ ਦੇ ਉਦੇਸ਼ ਨਾਲ ਡਾ: ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਦੇ ਵਿਸ਼ੇਸ਼ ਯਤਨਾਂ ਸਦਕਾ ਇਸ ਸਕੂਲ ਵਿੱਚ ਐਨ.ਸੀ.ਸੀ.2020 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਦੇ ਉਪਰਾਲਿਆਂ ਸਦਕਾ ਇਸ ਸਕੂਲ ਦੇ ਪਿਛਲੇ ਸਾਲਾਂ ਵਿੱਚ 15 ਤੋਂ ਵੱਧ ਵਿਦਿਆਰਥੀ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋ ਚੁੱਕੇ ਹਨ, ਜੋ ਕਿ ਸਰਹੱਦੀ ਖੇਤਰ ਦੇ ਆਰਥਿਕ ਪੱਖੋਂ ਪਿਛੜੇ ਇਸ ਇਲਾਕੇ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਡਾ: ਸਤਿੰਦਰ ਸਿੰਘ ਦੀ ਸੋਚ ਅਤੇ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਅੱਜ ਇਸ ਸਕੂਲ ਵਿੱਚ 53 ਵਿਦਿਆਰਥੀਆਂ ਨੇ ਸਕੂਲ ਵਿੱਚ ਐਨ.ਸੀ.ਸੀ. ਰੱਖੀ ਹੋਈ ਹੈ ਤੇ ਇਨ੍ਹਾਂ ਵਿਦਿਆਰਥੀਆਂ ਦੀਆਂ ਰੋਸਟਰ ਵਾਈਜ਼ ਐਨ.ਸੀ.ਸੀ. ਦੀਆਂ ਕਲਾਸਾਂ ਵੀ ਲੱਗਦੀਆਂ ਹਨ, ਜਿਸ ਰਾਹੀਂ ਆਰਮੀ ਅਤੇ ਪੈਰਾ ਮਿਲਟਰੀ ਦੀ ਭਰਤੀ ਲਈ ਤਿਆਰ ਕੀਤਾ ਜਾਂਦਾ ਹੈ। ਇਸ ਮਾਣਮੱਤੀ ਪ੍ਰਾਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਕ ਕਮਿਸ਼ਨਰ ਫਿਰੋਜ਼ਪੁਰ ਸ. ਗੁਰਦੇਵ ਸਿੰਘ ਧੰਮ ਪੀ ਸੀ ਐਸ ਨੇ ਦਿਲੀ ਮੁਬਾਰਕਬਾਦ ਦਿੰਦਿਆਂ ਇਹਨਾਂ 08 ਨੌਜਵਾਨਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਫਿਰੋਜ਼ਪੁਰ ਮੁਨੀਲਾ ਅਰੋੜਾ ਨੇ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਡਾ: ਸਤਿੰਦਰ ਸਿੰਘ ਨੇ ਇਸ ਮੌਕੇ ਭਾਵੁਕ ਹੁੰਦਿਆਂ ਦਿਲੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ 08 ਵਿਦਿਆਰਥੀਆਂ ਮਨਦੀਪ ਸਿੰਘ, ਲਵਪ੍ਰੀਤ ਸਿੰਘ, ਅਜੇ ਕੁਮਾਰ, ਮਿੱਠਨ ਸਿੰਘ, ਮਨਦੀਪ ਸਿੰਘ, ਅਰਸ਼ਦੀਪ ਸਿੰਘ, ਜੁਗਰਾਜ ਸਿੰਘ, ਸ਼ੇਰ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਇਸ ਸਰਹੱਦੀ ਇਲਾਕੇ ਲਈ ਵਿਦਿਆਰਥੀਆਂ ਲਈ ਇਹ ਸਿਰਫ਼ ਨੌਕਰੀ ਹੀ ਨਹੀਂ, ਬਲਕਿ ਆਰਥਿਕ ਪੱਖੋਂ ਬੇਹੱਦ ਕਮਜ਼ੋਰ ਪਰਿਵਾਰਾਂ ਦੀ ਦਿਸ਼ਾ ਅਤੇ ਦਸ਼ਾ ਬਦਲਣ ਦਾ ਵੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਰਹੱਦੀ ਖੇਤਰ ਦੇ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਕੰਮ ਵੀ ਕਰੇਗੀ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਐਨ.ਸੀ.ਸੀ ਯੁਨਿਟ ਸ਼ੁਰੂ ਕਰਨਾ ਅਤੇ ਸਮੇਂ–ਸਮੇਂ ’ਤੇ ਆਰਮੀ ਅਤੇ ਬੀ.ਐੱਸ.ਐਫ. ਦੇ ਅਧਿਕਾਰੀਆਂ ਦੀ ਸਕੂਲ ਵਿੱਚ ਸਮਾਗਮਾਂ ਵਿੱਚ ਸ਼ਿਰਕਤ ਇਨ੍ਹਾਂ ਲਈ ਪ੍ਰੇਰਨਾ ਅਤੇ ਵਰਦਾਨ ਸਾਬਿਤ ਹੋਈ ਹੈ। ਇਸ ਮੌਕੇ ਗਾਈਡ ਅਧਿਆਪਕ ਲੈਫਟੀਨੈਂਟ ਪ੍ਰਿਤਪਾਲ ਸਿੰਘ ਨੂੰ ਵੀ ਯੋਗ ਅਗਵਾਈ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਵਿਸ਼ਾਲ ਗੁਪਤਾ, ਸੁਨੀਲ ਦੱਤ ਰੈਡ ਕਰਾਸ ਸੁਸਾਇਟੀ ਅਤੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।


ਆਰਮੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਹਾਇਕ ਕਮਿਸ਼ਨਰ ਫ਼ਿਰੋਜ਼ਪੁਰ ਗੁਰਦੇਵ ਸਿੰਘ ਧੰਮ ਪੀ.ਸੀ.ਐੱਸ ਤੇ ਹੋਰ। ਤਸਵੀਰ: ਜਸਵਿੰਦਰ ਸਿੰਘ ਸੰਧੂ



