
ਨਵੀਂ ਦਿੱਲੀ, 27 ਨਵੰਬਰ : ਲੱਗਦਾ ਹੈ ਕਿ ਦੁਨੀਆ ਭਰ ਦੇ ਸਿਨੇਮਾ ਜਗਤ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ। ਹਿੰਦੀ ਸਿਨੇਮਾ ਵਿੱਚ ਪਿਛਲੇ ਇੱਕ ਮਹੀਨੇ ਅੰਦਰ ਕਈ ਦਿੱਗਜਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ, ਜਿਨ੍ਹਾਂ ਵਿੱਚ ਲੀਜੈਂਡਰੀ ਐਕਟਰ ਧਰਮਿੰਦਰ ਦਾ ਨਾਮ ਵੀ ਸ਼ਾਮਲ ਰਿਹਾ। ਹੁਣ ਹਾਲੀਵੁੱਡ ਵਿੱਚ ਤਿੰਨ ਦਿੱਗਜ ਅਦਾਕਾਰਾਂ ਦੀ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਖ਼ਬਰ ਹੈ ਕਿ ਹਾਲੀਵੁੱਡ ਦੇ ਮਸ਼ਹੂਰ ਗਾਇਕ ਜੈਕਸਨ ਬ੍ਰਾਊਨ ਦੇ ਬੇਟੇ ਅਤੇ ਅਦਾਕਾਰ ਇਥਨ ਬ੍ਰਾਊਨ, ਮਾਈਕਲ ਡੇਲਾਨੋ ਅਤੇ ਦੱਖਣੀ ਕੋਰੀਆਈ ਕਲਾਕਾਰ ਲੀ-ਸੂਨ-ਜੇ ਦਾ ਦੇਹਾਂਤ ਹੋ ਗਿਆ ਹੈ। ਇਨ੍ਹਾਂ ਤਿੰਨਾਂ ਅਚਾਨਕ ਦੇਹਾਂਤ ਨਾਲ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਇਥਨ ਬ੍ਰਾਊਨ, ਮਾਈਕਲ ਡੇਲਾਨੋ ਤੇ ਲੀ-ਸੂਨ-ਜੇ ਦਾ ਦੇਹਾਂਤ
ਹਾਲੀਵੁੱਡ ਸਿਨੇਮਾ ਲਈ ਇਥਨ ਬ੍ਰਾਊਨ, ਮਾਈਕਲ ਡੇਲਾਨੋ ਅਤੇ ਲੀ-ਸੂਨ-ਜੇ ਦੀ ਮੌਤ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜੇਕਰ ਇਥਨ ਬ੍ਰਾਊਨ ਦੀ ਮੌਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 52 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਹੈ। 27 ਨਵੰਬਰ ਨੂੰ ਇਥਨ ਦੇ ਦੇਹਾਂਤ ਦੀ ਪੁਸ਼ਟੀ ਪਿਤਾ ਜੈਕਸਨ ਬ੍ਰਾਊਨ ਨੇ ਕੀਤੀ ਹੈ। ਪੁੱਤਰ ਦੇ ਚਲੇ ਜਾਣ ਨਾਲ ਜੈਕਸਨ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਦੂਜੇ ਪਾਸੇ ਮਾਈਕਲ ਡੇਲਾਨੋ ਹਾਲੀਵੁੱਡ ਫਿਲਮੀ ਜਗਤ ਦੇ ਬਜ਼ੁਰਗ (ਵੈਟਰਨ) ਅਦਾਕਾਰਾਂ ਵਿੱਚੋਂ ਇੱਕ ਸਨ। 1970 ਤੋਂ ਲੈ ਕੇ 2013 ਤੱਕ ਅੰਗਰੇਜ਼ੀ ਸਿਨੇਮਾ ਵਿੱਚ ਰਾਜ ਕਰਨ ਵਾਲੇ ਮਾਈਕਲ ਨੇ 84 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਈਕਲ ਡੇਲਾਨੋ ਦੀ ਮੌਤ ਤਾਂ 20 ਅਕਤੂਬਰ ਨੂੰ ਹੀ ਹੋ ਗਈ ਸੀ, ਪਰ ਖ਼ਬਰ ਹੁਣ ਸਾਹਮਣੇ ਆਈ ਹੈ। ਹਾਲਾਂਕਿ, ਹਾਲੀਵੁੱਡ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਲੀ-ਸੂਨ-ਜੇ ਦਾ ਦਿਹਾਂਤ 91 ਸਾਲ ਦੀ ਉਮਰ ਵਿੱਚ ਹੋਇਆ ਹੈ। ਉਹ ਦੱਖਣੀ ਕੋਰੀਆ ਦੇ ਸੀਨੀਅਰ ਫਿਲਮ ਕਲਾਕਾਰਾਂ ਵਿੱਚੋਂ ਇੱਕ ਸਨ। 6 ਦਹਾਕਿਆਂ ਦੇ ਲੰਬੇ ਫਿਲਮੀ ਕਰੀਅਰ ਵਿੱਚ ਲੀ-ਸੂਨ-ਜੇ ਨੇ ਹਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ। ਬੀਤੇ 25 ਨਵੰਬਰ ਨੂੰ ਲੀ-ਸੂਨ-ਜੇ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਦੱਖਣੀ ਕੋਰੀਆਈ ਸਿਨੇਮਾ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ।
ਤਿੰਨ ਕਲਾਕਾਰਾਂ ਦੇ ਦੇਹਾਂਤ ਨਾਲ ਹਾਲੀਵੁੱਡ ‘ਚ ਸੋਗ
ਲੀ-ਸੂਨ-ਜੇ, ਇਥਨ ਬ੍ਰਾਊਨ ਅਤੇ ਮਾਈਕਲ ਡੇਲਾਨੋ ਵਰਗੇ ਤਿੰਨੋਂ ਕਲਾਕਾਰਾਂ ਦੇ ਦੇਹਾਂਤ ਨਾਲ ਹਾਲੀਵੁੱਡ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਤਿੰਨੋਂ ਕਲਾਕਾਰਾਂ ਦਾ ਲਗਪਗ ਇੱਕੋ ਸਮੇਂ ਇਸ ਦੁਨੀਆ ਤੋਂ ਚਲੇ ਜਾਣਾ ਇੱਕ ਬੁਰੇ ਸੁਪਨੇ ਦੇ ਸਮਾਨ ਹੈ। ਇਨ੍ਹਾਂ ਸਾਰੇ ਸੁਪਰਸਟਾਰਾਂ ਦੇ ਪਰਿਵਾਰਾਂ ਅਤੇ ਪ੍ਰਸ਼ੰਸਕਾਂ ‘ਤੇ ਫਿਲਹਾਲ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਪ੍ਰਸ਼ੰਸਕ ਇਨ੍ਹਾਂ ਤਿੰਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।



