Punjab

ਪੀਆਰਟੀਸੀ ਬੱਸ ਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ’ਚ 2 ਜ਼ਖਮੀ

ਮੋਰਿੰਡਾ, 26 ਨਵੰਬਰ : ਮੋਰਿੰਡਾ ਕੁਰਾਲੀ ਰੋਡ ’ਤੇ ਇੱਕ ਪੀਆਰਟੀਸੀ ਦੀ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ, ਜਿਨਾਂ ਵਿੱਚੋਂ 1 ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਇਸ ਸਬੰਧ ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਹਾਦਸਾ ਪੀਆਰਟੀਸੀ ਦੀ ਤੇਜ਼ ਰਫਤਾਰ ਬੱਸ (ਪੀਬੀ 11 ਸੀਜ਼ੈੱਡ 8364) ਅਤੇ ਮੋਟਰਸਾਈਕਲ (ਪੀਬੀ ਜੇ 0745) ਵਿਚਕਾਰ ਹੋਇਆ। ਜਿਸ ਵਿਚ ਸ਼ਿਵਮ ਪੁੱਤਰ ਆਸਾ ਰਾਮ ਵਾਸੀ ਸ਼ੂਗਰ ਮਿੱਲ ਰੋਡ ਮੋਰਿੰਡਾ ਤੇ ਰਾਮ ਕੁਆਲ ਜਖਮੀ ਹੋ ਗਏ। ਜਖਮੀ ਰਾਮ ਕੁਆਲ ਨੂੰ ਹਸਪਤਾਲ ਮੋਰਿੰਡਾ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ। ਇਸ ਹਾਦਸੇ ਵਿਚ ਬੱਸ ਦਾ ਅਗਲਾ ਬੰਪਰ ਤੇ ਬੰਪਰ ਉਤੇ ਲਗੀ ਲਾਈਟ ਅਤੇ ਮੋਟਰਸਾਈਕਲ ਦਾ ਪਿਛਲਾ ਹਿੱਸਾ ਨੁਕਸਾਨੇ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚੇ ਮੋਰਿੰਡਾ ਪੁਲਿਸ ਦੇ ਏਐੱਸਆਈ ਅੰਗਰੇਜ ਸਿੰਘ ਨੇ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਫੀ ਦੇਰੀ ਨਾਲ ਪਹੁੰਚੀ 108 ਐਬੂਲੈਂਸ, ਲੋਕਾਂ ਵਿਚ ਰੋਸ ਇਸ ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਰਾਹਗੀਰਾਂ ਤੇ ਸਥਾਨਿਕ ਵਾਸੀਆਂ ਵੱਲੋਂ 108 ਨੰਬਰ ਐਂਬੁਲੈਂਸ ਨੂੰ ਫੋਨ ਕੀਤਾ ਗਿਆ ਪ੍ਰੰਤੂ ਐਬੂਲੈਂਸ ਕਾਫੀ ਦੇਰ ਤੱਕ ਨਹੀਂ ਪਹੁੰਚੀ ਅਤੇ ਜਖ਼ਮੀ ਸੜਕ ’ਤੇ ਪਏ ਰਹੇ। ਜਦੋਂ ਲੋਕਾਂ ਵੱਲੋਂ ਐਂਬੂਲੈਂਸ ਦੇ ਪਹੁੰਚਣ ਵਿਚ ਜ਼ਿਆਦਾ ਦੇਰ ਹੋਣ ’ਤੇ ਐੱਸਐੱਚਓ ਸਿਟੀ ਮੋਰਿੰਡਾ ਐੱਸਆਈ ਗੁਰਮੁੱਖ ਸਿੰਘ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਤੁਰੰਤ ਬਾਅਦ ਹੀ ਸਿਟੀ ਪੁਲਿਸ ਥਾਣੇ ਤੋਂ ਆਈ ਗੱਡੀ ਰਾਹੀਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਏਐੱਸਆਈ ਅੰਗਰੇਜ ਸਿੰਘ ਵੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਹਾਦਸਾਗ੍ਰਸਤ ਬੱਸ ਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਏਐਸਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਇੱਕ ਜ਼ਖਮੀ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਤੋਂ ਸਰਕਾਰੀ ਹਸਪਤਾਲ ਫੇਸ-6 ਮੋਹਾਲੀ ਰੈਫਰ ਕੀਤਾ ਗਿਆ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਸ਼ਹਿਰ ਵਿਚ ਤੇਜ਼ ਰਫਤਾਰ ਲੰਘਦੇ ਵਾਹਨਾਂ ’ਤੇ ਸ਼ਿਕੰਜਾ ਕੱਸਣ ਦੀ ਮੰਗ: ਇਸ ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਸਾਬਕਾ ਚੇਅਰਮੈਨ ਤੇ ਕਿਸਾਨ ਆਗੂ ਬਲਦੇਵ ਸਿੰਘ ਚੱਕਲ, ਐੱਨਆਰਆਈ ਜਗਰਾਜ ਸਿੰਘ ਮਾਨਖੇੜੀ, ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਭਾਈ ਮਲਕੀਤ ਸਿੰਘ ਚੱਕਲ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਸ਼ੂਗਰ ਮਿੱਲ ਮੋਰਿੰਡਾ ਦੇ ਸਾਬਕਾ ਚੇਅਰਮੈਨ ਅਰਵਿੰਦਰ ਸਿੰਘ ਰੰਗੀ, ਯੂਥ ਆਗੂ ਪਰਵਿੰਦਰ ਸਿੰਘ ਬਿੱਟੂ ਕੰਗ, ਲੱਖੀ ਸ਼ਾਹ, ਮਜੀਦ, ਮੋਨੂ ਖਾਨ, ਤਜਿੰਦਰ ਕੁਮਾਰ ਬਿੱਟੂ, ਸਚਿਨ ਪੂਰੀ ਗੋਲਡੀ, ਜੱਸੀ ਧੀਮਾਨ, ਸਵਰਨਕਾਰ ਸੰਘ ਦੇ ਆਗੂ ਮਨਮੋਹਨ ਕੁਮਾਰ, ਵਿਕਰਾਂਤ ਵਰਮਾ, ਦਰਸ਼ਨ ਸਿੰਘ ਮੰਡਾਂ ਆਦਿ ਸ਼ਹਿਰ ਵਾਸੀਆਂ ਨੇ ਕਿਹਾ ਕਿ ਸ਼ਹਿਰ ਵਿਚ ਵਿਸ਼ੇਸ਼ ਕਰਕੇ ਬੱਸਾਂ-ਟਿੱਪਰਾਂ ਦੇ ਚਾਲਕ ਪ੍ਰੈਸ਼ਰ ਹਾਰਨ ’ਤੇ ਹੱਥ ਰੱਖ ਕੇ ਤੇਜ਼ੀ ਨਾਲ ਨਿਕਲਦੇ ਹਨ। ਜਿਸ ਨਾਲ ਆਮ ਲੋਕਾਂ ਵਿਚ ਘਬਰਾਹਟ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਲਈ ਖਤਰਾ ਬਣਿਆ ਰਹਿੰਦਾ ਹੈ। ਅਜਿਹੇ ਵਿਚ ਵਿਸ਼ੇਸ਼ ਤੌਰ ’ਤੇ ਦੋ ਪਹੀਆ ਵਾਹਨ ਚਾਲਕਾਂ ਦੀ ਜ਼ਿੰਦਗੀ ਜੋਖਮ ਵਿਚ ਪਈ ਰਹਿੰਦੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਗਤੀ ਸੀਮਾ ਨਿਰਧਾਰਤ ਕਰਕੇ ਸੜ੍ਹਕਾਂ ਕਿਨਾਰੇ ਇਸ ਦੇ ਬੋਰਡ ਵੀ ਲਗਾਏ ਜਾਣ ਅਤੇ ਤੇਜ ਰਫਤਾਰ ਵਾਹਨਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button