ਆਪਣੀ ਲੈਅ ’ਚ ਪਰਤਣ ਦੀ ਕੋਸ਼ਿਸ਼ ’ਚ ਲੱਗਾ ਅਕਾਲੀ ਦਲ
ਤਰਨਤਾਰਨ ਜ਼ਿਮਨੀ ਚੋਣ 'ਚ ਦੂਜੇ ਨੰਬਰ ’ਤੇ ਆਉਣ ਮਗਰੋਂ ਸ਼ੁਰੂ ਕੀਤਾ ਇਹ ਕੰਮ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 26 ਨਵੰਬਰ : ਤਰਨਤਾਰਨ ਜ਼ਿਮਨੀ ਚੋਣ ਵਿਚ ਦੂਜੇ ਨੰਬਰ ’ਤੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੌਲੀ-ਹੌਲੀ ਆਪਣੀ ਲੈਅ ਵਿਚ ਪਰਤਣ ਲੱਗਾ ਹੈ। ਇਸ ਵਾਸਤੇ ਪਾਰਟੀ ਜਿੱਥੇ ਜ਼ਮੀਨੀ ਪੱਧਰ ’ਤੇ ਆਪਣੀ ਹਾਲਤ ਸੁਧਾਰਨ ਲਈ ਕੰਮ ਕਰ ਰਹੀ ਹੈ ਉੱਥੇ ਨੀਤੀਗਤ ਤੌਰ ’ਤੇ ਵੀ ਬਹੁਤ ਸੋਚ-ਸਮਝ ਕੇ ਫ਼ੈਸਲੇ ਲੈਣ ਲੱਗੀ ਹੈ। ਇਸ ਲਈ ਪਿਛਲੇ ਕਈ ਦਿਨਾਂ ਤੋਂ ਅਕਾਲੀ ਦਲ ਲਗਾਤਾਰ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਦਾ ਅਸਰ ਇਹ ਹੋ ਰਿਹਾ ਹੈ ਕਿ ਪਾਰਟੀ ਦੀ ਹਰ ਜਗ੍ਹਾ ਹਾਜ਼ਰੀ ਦਿਸਣ ਲੱਗੀ ਹੈ। ਪਾਰਟੀ ਦਾ ਨਿਰਾਸ਼ ਹੋਇਆ ਕਾਡਰ ਵੀ ਉਤਸ਼ਾਹਤ ਹੋਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਕਾਰਨਾਂ ਦੇ ਮੱਦੇਨਜ਼ਰ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਣ ਲੱਗਾ ਹੈ ਕਿ ਉਸ ਦੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਾਪਸੀ ਹੋ ਸਕਦੀ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਹਟਾ ਕੇ ਜੇਕਰ ਲੋਕਾਂ ਨੇ ਬਦਲ ਦੇ ਰੂਪ ਵਿਚ ਦੇਖਿਆ ਤਾਂ ਉਹ ਕਾਂਗਰਸ ਦੀ ਬਜਾਏ ਅਕਾਲੀ ਦਲ ’ਤੇ ਭਰੋਸਾ ਕਰਨਗੇ। ਇਸ ਲਈ ਪਾਰਟੀ ਨੇ ਬੀਤੇ ਕੱਲ੍ਹ ਕੋਰ ਕਮੇਟੀ ਦੀ ਮੀਟਿੰਗ ਵਿਚ ਦਸੰਬਰ ਮਹੀਨੇ ’ਚ ਹੋਣ ਵਾਲੀਆਂ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਪਾਰਟੀ ਪੇਂਡੂ ਵੋਟ ਬੈਂਕ ਵਿਚ ਆਪਣੇ ਪਾਣੀ ਨੂੰ ਨਾਪ ਸਕੇ। ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਪਾਰਟੀ ਆਪਣੇ ਚੋਣ ਨਿਸ਼ਾਨ ’ਤੇ ਹੀ ਲੜੇਗੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਦਾ ਕੋਰ ਵੋਟ ਬੈਂਕ ਪੇਂਡੂ ਹਲਕਿਆਂ ਵਿਚ ਪੰਥਕ ਤੇ ਕਿਸਾਨੀ ਹੀ ਹੈ, ਜਿਹੜਾ ਪਿਛਲੇ ਕੁਝ ਸਾਲਾਂ ਤੋਂ ਉਸ ਤੋਂ ਖੋਹਿਆ ਗਿਆ ਹੈ। 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣਾ ਪੰਥਕ ਵੋਟ ਬੈਂਕ ਗਵਾ ਦਿੱਤਾ ਸੀ। ਉਸ ਦੀ ਖ਼ੁਸ਼ਕਿਸਮਤੀ ਰਹੀ ਹੈ ਕਿ ਇਸ ਅਰਸੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਹਨ, ਨਹੀਂ ਤਾਂ ਸੂਬੇ ਦੀ ਸੱਤਾ ਦੇ ਨਾਲ-ਨਾਲ ਪਾਰਟੀ ਦੇ ਹੱਥੋਂ ਐੱਸਜੀਪੀਸੀ ਦੀ ਸੱਤਾ ਵੀ ਖੋਹੀ ਜਾਂਦੀ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਹਾਸ਼ੀਏ ’ਤੇ ਧੱਕ ਦਿੱਤਾ ਸੀ। 2007 ਤੋਂ ਲੈ ਕੇ 2017 ਤੱਕ ਲਗਾਤਾਰ ਦੋ ਵਾਰ ਸੱਤਾ ’ਤੇ ਕਾਬਜ ਰਹੀ ਪਾਰਟੀ 2017 ਵਿਚ ਵਿਧਾਨ ਸਭਾ ਦੀਆਂ 15 ਅਤੇ 2022 ਵਿਚ ਤਿੰਨ ਸੀਟਾਂ ’ਤੇ ਸਿਮਟ ਗਈ। ਇਹੀ ਨਹੀਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੋ ਅਤੇ 2024 ਵਿਚ ਸਿਰਫ਼ ਇਕ ਸੀਟ ’ਤੇ ਹੀ ਜਿੱਤ ਸਕੀ। 2022 ਤੋਂ ਬਾਅਦ ਹੋਈਆਂ ਸੰਸਦੀ ਜ਼ਿਮਨੀ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ, ਇਸ ਵਿਚ ਪਾਰਟੀ ਜਾਂ ਤਾਂ ਖੜ੍ਹੀ ਨਹੀਂ ਹੋਈ ਜਾਂ ਫਿਰ ਉਸ ਦੇ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਪਰ ਤਰਨਤਾਰਨ ਜ਼ਿਮਨੀ ਚੋਣ ਹੀ ਇਕ ਅਜਿਹੀ ਚੋਣ ਹੈ, ਜਿੱਥੇ ਪਾਰਟੀ ਨੇ ਦੂਜਾ ਸਥਾਨ ਹਾਸਲ ਕਰ ਲਿਆ। ਉਹ ਵੀ ਉਸ ਸਮੇਂ ਜਦੋਂ ਗਰਮ ਖਿਆਲੀ ਅੰਮ੍ਰਿਤਪਾਲ ਦੀ ਪਾਰਟੀ ਨੇ ਵੀ ਇਸ ਸੀਟ ’ਤੇ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੋਇਆ ਸੀ, ਜਿਸ ਨੂੰ ਤੀਜੇ ਨੰਬਰ ’ਤੇ ਸਬਰ ਕਰਨਾ ਪਿਆ। ਇਸ ਤੋਂ ਪਾਰਟੀ ਕਾਫੀ ਉਤਸ਼ਾਹਤ ਹੈ। ਦਰਅਸਲ ਇਸ ਦੌਰਾਨ ਵਿਚ ਆਏ ਹੜ੍ਹਾਂ ਵਿਚ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਕੰਮ ਕੀਤਾ ਹੈ ਉਸ ਦਾ ਵੀ ਅਸਰ ਨਜ਼ਰ ਆ ਰਿਹਾ ਹੈ। ਸੁਖਬੀਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹਰ ਤਰ੍ਹਾਂ ਦੀ ਮਦਦ ਦੇ ਹੱਥ ਵਧਾਏ। ਹੁਣ ਪੇਂਡੂ ਇਲਾਕਿਆਂ ਵਿਚ ਜੇਕਰ ਪਾਰਟੀ ਜ਼ੋਰ ਲਾ ਕੇ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਵਿਚ ਆਪਣੇ ਉਮੀਦਵਾਰ ਚੁਣ ਲੈਂਦੀ ਹੈ ਜਾਂ ਫਿਰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਇਹ ਉਨ੍ਹਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਹੀ ਹੋਵੇਗੀ।



