Punjab

ਬੋਲੈਰੋ ਤੇ ਕੰਬਾਈਨ ਦੀ ਟੱਕਰ ’ਚ ਨੌਜਵਾਨ ਦੀ ਮੌਤ

ਸੁਨਾਮ, 3 ਨਵੰਬਰ : ਥਾਣਾ ਚੀਮਾ ਅਧੀਨ ਆਉਂਦੇ ਪਿੰਡ ਸ਼ਾਹਪੁਰ ਕਲਾਂ-ਚੀਮਾਂ ਸੜਕ ’ਤੇ ਕੰਬਾਈਨ ਤੇ ਬੋਲੈਰੋ ਗੱਡੀ ਦੇ ਟਕਰਾਉਣ ਕਾਰਨ ਇਕ ਨੌਜਵਾਨ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਬੋਲੈਰੋ ਸਵਾਰ ਕ੍ਰਿਸ਼ਨ ਸਿੰਘ ਪਿੰਡ ਉਗਰਾਹਾਂ ਦਾ ਰਹਿਣ ਵਾਲਾ ਸੀ। ਐਤਵਾਰ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਚੀਮਾਂ ਦੇ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ ਬੋਲੈਰੋ ਗੱਡੀ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਸ਼ਾਹਪੁਰ ਕਲ੍ਹਾਂ ਛੱਡ ਕੇ ਵਾਪਸ ਪਿੰਡ ਉਗਰਾਹਾਂ ਪਰਤ ਰਿਹਾ ਸੀ। ਜਿਉਂ ਹੀ ਉਹ ਸ਼ਾਹਪੁਰ ਕਲ੍ਹਾਂ ਤੋਂ ਚੀਮਾਂ ਵੱਲ ਆਇਆ ਤਾਂ ਇਸ ਦੌਰਾਨ ਖੇਤ ਚੋਂ ਸੜਕ ਤੇ ਚੜ੍ਹ ਰਹੀ ਇਕ ਕੰਬਾਈਨ ਤੇ ਬੋਲੈਰੋ ਦੇ ਆਪਸ ਵਿਚ ਟਕਰਾਉਣ ਕਾਰਨ ਬੋਲੈਰੋ ਚਾਲਕ ਕ੍ਰਿਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਇਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਕ੍ਰਿਸ਼ਨ ਸਿੰਘ (40) ਪੁੱਤਰ ਜਗਰੂਪ ਸਿੰਘ ਵਾਸੀ ਉਗਰਾਹਾਂ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਨੇਕ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾਂ ’ਤੇ ਬੀਐੱਨਐੱਸਐੱਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ, ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button