
ਲੁਧਿਆਣਾ, 26 ਅਕਤੂਬਰ : ਡਰਾਈਵਿੰਗ ਟੈਸਟ ਕਲੀਅਰ ਕਰਨ ਲਈ ਟੈਸਟ ਸੈਂਟਰ ਵਿੱਚ ਪਿਤਾ ਦੀ ਥਾਂ ਪੁੱਤਰ ਪਹੁੰਚ ਗਿਆ। ਟੈਸਟ ਸੈਂਟਰ ਦੇ ਮੁਲਾਜ਼ਮਾਂ ਨੂੰ ਜਿਵੇਂ ਹੀ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਸਹਾਇਕ ਰੀਜਨਲ ਟਰਾਂਸਪੋਰਟ ਅਫਸਰ ਨਾਲ ਸੰਪਰਕ ਕੀਤਾ। ਇਸ ਮਾਮਲੇ ‘ਚ ਪੁਲਿਸ ਨੇ ਅਧਿਕਾਰੀ ਦੀ ਸ਼ਿਕਾਇਤ ‘ਤੇ ਪਿਉ-ਪੁੱਤ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਵਿੰਦਰ ਪਾਲ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰੇਲਵੇ ਕਲੋਨੀ ਸ਼ੇਰਪੁਰ ਨਿਵਾਸੀ ਧਰਮਿੰਦਰ ਸਿੰਘ ਤੇ ਉਸਦੇ ਬੇਟੇ ਪ੍ਰਿੰਸ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਹਾਇਕ ਰੀਜਨਲ ਟਰਾਂਸਪੋਰਟ ਅਫਸਰ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਸੈਕਟਰ 32 ਚੰਡੀਗੜ੍ਹ ਰੋਡ ਸਥਿਤ ਡਰਾਈਵਿੰਗ ਟੈਸਟ ਸੈਂਟਰ ‘ਚ ਧਰਮਿੰਦਰ ਸਿੰਘ ਦਾ ਡਰਾਈਵਿੰਗ ਟੈਸਟ ਲਿਆ ਜਾਣਾ ਸੀ। ਪਿਤਾ ਦਾ ਟੈਸਟ ਕਲੀਅਰ ਕਰਨ ਲਈ ਧਰਮਿੰਦਰ ਦਾ ਬੇਟਾ ਪ੍ਰਿੰਸ ਟੈਸਟ ਸੈਂਟਰ ਪਹੁੰਚ ਗਿਆ। ਜਿਵੇਂ ਹੀ ਟੈਸਟ ਸੈਂਟਰ ਦੇ ਮੁਲਾਜ਼ਮਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਤੁਰੰਤ ਟੈਸਟ ਰੋਕ ਦਿੱਤਾ ਅਤੇ ਆਰਟੀਓ ਦਫਤਰ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਉਧਰੋਂ ਹੀ ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਧਰਮਿੰਦਰ ਅਤੇ ਪ੍ਰਿੰਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।



