
ਤਰਨਤਾਰਨ, 14 ਅਕਤੂਬਰ : ਸਰਹੱਦੀ ਕਸਬਾ ਖੇਮਕਰਨ ਵਿਖੇ ਸਥਿਤ ਇਕ ਪੈਟਰੋਲ ਪੰਪ ਉੱਪਰ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਪੰਪ ਮਾਲਕ ਨੂੰ ਫਿਰੌਤੀ ਲਈ ਕਾਲਾਂ ਵੀ ਆ ਰਹੀਆਂ ਸਨ। ਥਾਣਾ ਖੇਮਕਰਨ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਲਦੀਪ ਸਿੰਘ ਵਾਸੀ ਖੇਮਕਰਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਵੇਰੇ ਕਰੀਬ ਪੌਣੇ 11 ਵਜੇ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਦੋ ਫਾਇਰ ਕੀਤੇ। ਇਕ ਹਵਾਈ ਫਾਇਰ ਕੀਤਾ ਤੇ ਇਕ ਗੋਲ਼ੀ ਜ਼ਮੀਨ ’ਤੇ ਲੱਗੀ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਕੁਝ ਦਿਨਾਂ ਤੋਂ ਵਟਸਐਪ ਕਾਲ ’ਤੇ ਫਿਰੌਤੀ ਲਈ ਧਮਕੀਆਂ ਵੀ ਮਿਲ ਰਹੀਆਂ ਸਨ। ਇਹ ਵਾਰਦਾਤ ਇਸ ਕਰਕੇ ਕੀਤੀ ਗਈ ਹੈ। ਉਕਤ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਕੰਵਲਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।



