Punjab

ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਜਾਣ ਰਹੇ ਜ਼ਿਲ੍ਹੇ ਦੇ ਅਫਸਰ

ਕਪੂਰਥਲਾ, , 4 ਅਕਤੂਬਰ :  ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਣ ਛੋਹ ਪ੍ਰਾਪਤ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਨੂੰ ਸਿੱਖ ਧਰਮ ’ਚ ਬਹੁਤ ਹੀ ਉੱਚ ਸਥਾਨ ਪ੍ਰਾਪਤ ਹੈ ਪਰ ਇਸਦੇ ਬਾਵਜੂਦ ਨਾਨਕ ਦੀ ਨਗਰੀ ਵੱਲ ਕਿਸੇ ਵੀ ਸਰਕਾਰ ਨੇ ਕੋਈ ਵਿਸ਼ੇਸ਼ ਧਿਆਨ ਨਹੀ ਦਿੱਤਾ, ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਾਨਕ ਦੀ ਕਰਮ ਭੂਮੀ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਹੀ ਕਰੀ ਰੱਖਿਆ ਹੈ। ਹਾਲਾਂਕਿ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ਕੁਝ ਸਮੇਂ ਲਈ ਦੁਨੀਆ ਦੇ ਮਾਨ ਚਿੱਤਰ ’ਤੇ ਜ਼ਰੂਰ ਆਇਆ ਸੀ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਐੱਸਜੀਪੀਸੀ ਨੇ ਬਾਬਾ ਨਾਨਕ ਦੀ ਇਸ ਮਹਾਨ ਨਗਰੀ ਨੂੰ ਪੂਰੀ ਤਰ੍ਹਾਂ ਵਿਸਾਰ ਰੱਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ, ਸਿੱਖਿਆਵਾਂ, ਉਦਾਸੀਆਂ, ਉਪਦੇਸ਼ਾਂ, ਜੀਵਨ ਜਾਂਚ ਤੇ ਸਰਬਤ ਦੇ ਭੱਲੇ ਦੇ ਸਿਧਾਤਾਂ ਨੂੰ ਸੰਭਾਲਣ ਲਈ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਸਾਲ 2019 ’ਚ ਕੇਂਦਰ ਤੇ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਵਿਚ 100 ਕਰੋੜ ਦੀ ਲਾਗਤ ਨਾਲ ਇਕ ਵਿਲੱਖਣ ਕਿਸਮ ਦਾ ਨਾਨਕ ਦਾ ਪਿੰਡ ਵਸਾਉਣ ਬਾਰੇ ਐਲਾਨ ਕੀਤਾ ਸੀ, ਜਿਸ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਹਰ ਮਨੁੱਖ ਨੂੰ ਅਧਿਆਤਮ ਦੀ ਇਕ ਅਨੋਖੀ ਦੁਨੀਆ ਦਾ ਅਹਿਸਾਸ ਹੋਇਆ ਕਰਨਾ ਸੀ ਪਰ ਲਗਪਗ ਪੰਜ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਨਾਨਕ ਦੇ ਪਿੰਡ ਦੀ ਹਾਲੇ ਤੱਕ ਇਕ ਵੀ ਇੱਟ ਨਹੀ ਲੱਗ ਸਕੀ ਹੈ। ਵੱਖ-ਵੱਖ ਥਾਵਾਂ ’ਤੇ ਦੋ ਵਾਰ ਜ਼ਮੀਨ ਐਕਵਾਇਰ ਕੀਤੀ ਗਈ ਪਰ ਇਸ ਤੋਂ ਅੱਗੇ ਕੁੱਝ ਨਹੀਂ ਹੋ ਸਕਿਆ ਹੈ। ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਤੇ ਸ਼ਹਿਰ ’ਚ ਥਾਂ-ਥਾਂ ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਵੀ ਹਾਲੇ ਤੱਕ ਕਾਗਜ਼ਾਂ ’ਚ ਹੀ ਦਫਨ ਹੋਈ ਪਈ ਹੈ। ਸੁਲਤਾਨਪੁਰ ਲੋਧੀ ਸਮਾਰਟ ਸਿਟੀ ਤਾਂ ਪਤਾ ਨਹੀਂ ਕਦੋ ਬਣੇਗੀ ਪਰ ਕਰੀਬ ਢਾਈ ਸਾਲਾਂ ਤੋਂ ਇਹ ਨਰਕ ਸਿਟੀ ’ਚ ਜ਼ਰੂਰ ਤਬਦੀਲ ਹੋਈ ਪਈ ਹੈ। ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ’ਤੇ ਕਰੀਬ 200 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਸਾਰੀਆਂ ਹੀ ਸੜਕਾਂ ਬਹੁਤ ਵਧੀਆ ਬਣੀਆਂ ਸਨ ਪਰ ਦੋ-ਢਾਈ ਸਾਲ ਬਾਅਦ ਹੀ ਮੌਜੂਦਾ ਸਰਕਾਰ ਵੱਲੋਂ ਸ਼ਹਿਰ ’ਚ ਅੰਡਰ ਗਰਾਊਂਡ ਸੀਵਰੇਜ ਪਾਉਣ ਲਈ ਤਮਾਮ ਸੜਕਾਂ ਨੂੰ ਪੱਟ ਦਿੱਤਾ ਗਿਆ, ਜਿਸ ਕਾਰਨ ਦੋ ਸਾਲਾਂ ਤੋਂ ਸੁਲਤਾਨਪੁਰ ਲੋਧੀ ਸ਼ਹਿਰ ਪੂਰੀ ਤਰ੍ਹਾਂ ਨਰਕ ਬਣਿਆ ਹੋਇਆ ਹੈ। ਬਰਸਾਤ ਦੇ ਮੌਸਮ ’ਚ ਇਹ ਸੜਕਾਂ ਹੋਰ ਵੀ ਖ਼ਤਰਨਾਕ ਹੋ ਗਈਆਂ ਹਨ।

Related Articles

Leave a Reply

Your email address will not be published. Required fields are marked *

Back to top button