
ਬਾਲ ਕਿਸ਼ਨ
ਫ਼ਿਰੋਜ਼ਪੁਰ, 3 ਅਕਤੂਬਰ : ਜ਼ਿਲ੍ਹੇ ਦੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਸਿਹਤ ਵਿਭਾਗ ਦੇ ਕਥਿੱਤ ਭ੍ਰਿਸ਼ਟਾਚਾਰ ਕਾਰਣ ਹੋਈਆਂ ਚਾਰ ਮੌਤਾ ਮਗਰੋਂ ਐਕਸ਼ਨ ਮੋਡ ਵਿਚ ਆਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਭਾਵੇਂ ਕਈ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕਰਦਿਆਂ ਲੱਖਾਂ ਦੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਕੈਪਸੂਨ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਸਿਹਤ ਵਿਭਾਗ ਦੇ ਜੇਰੇ ਸਾਇਆ ਜ਼ਿਲ੍ਹੇ ਵਿਚ ਬੇਖੌਫ ਵਿੱਕ ਰਹੇ ਮੈਡੀਕਲ ਨਸ਼ੇ ਦੇ ਵਪਾਰੀਆਂ ਦੀ ਕਮਾਈ ਦਾ ਆਲਮ ਇਹ ਹੈ ਕਿ ਉਨ੍ਹਾਂ ਘਰਾਂ ਵਿਚ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਰੱਖੀਆਂ ਹੋਈਆਂ ਹਨ। ਲੱਖੋ ਕੇ ਬਹਿਰਾਮ ਵਿਖੇ ਬੀਤੇ ਦਿਨ ਮੈਡੀਕਲ ਨਸ਼ੇ ਦੀ ਅੋਵਰਡੋਜ਼ ਕਾਰਣ ਮਾਰੇ ਗਏ ਚਾਰ ਨੌਜਵਾਨਾਂ ਦੀ ਮੌਤ ਮਗਰੋਂ ਐਕਸ਼ਨ ਵਿਚ ਆਈ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਮੁਲਤਾਨੀ ਗੇਟ ਅੰਦਰ ਸਥਿਤ ਖੁਰਾਣਾ ਮੈਡੀਕਲ ਹੋਲ ਸੇਲਰ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੂੰ ਲੱਖਾਂ ਦੀ ਗਿਣਤੀ ਵਿਚ ਸਰਕਾਰ ਵੱਲੋਂ ਬੈਨ ਕੀਤੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਬੀਐੱਨਐੱਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੂੰ ਖ਼ਬਰੀ ਨੇ ਇਤਲਾਹ ਦਿੱਤੀ ਕਿ ਮੁਲਤਾਨੀ ਗੇਟ ਅੰਦਰ ਗਲੀ ਮਿਸਤਰੀਆਂ ਵਾਲੀ ਵਿਚ ਖੁਰਾਣਾ ਮੈਡੀਕਲ ਸਟੋਰ ਹੈ, ਜਿਸ ਦਾ ਮਾਲਕ ਭਾਰੀ ਮਾਤਰਾ ਵਿਚ ਪ੍ਰੀ ਗੈਬਲੀਨ ਕੈਪਸੂਲ ਲਿਆ ਕੇ ਵੇਚਦਾ ਹੈ, ਜੋ ਅੱਜ ਵੀ ਭਾਰੀ ਮਾਤਰਾ ਵਿਚ ਕੈਪਸੂਲ ਅਤੇ ਗੋਲੀਆ ਲਿਆ ਕੇ ਅੰਦਰ ਸਟੋਰ ਕਰ ਰਿਹਾ ਹੈ। ਜੇਕਰ ਹੁਣੇ ਹੀ ਉਕਤ ਮੈਡੀਕਲ ਸਟੋਰ ’ਤੇ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਕੈਪਸੂਲ ਅਤੇ ਗੋਲੀਆਂ ਬਰਾਮਦ ਹੋ ਸਕਦੀਆਂ ਹਨ।ਪੁਲਿਸ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਦੇ ਘਰੋਂ 1 ਲੱਖ 18 ਹਜ਼ਾਰ ਰੁਪਏ ਪ੍ਰੀ ਗੈਬਲੀਨ ਕੈਪਸੂਲ ਅਤੇ 7 ਲੱਖ ਗੋਲੀਆਂ, 2 ਲੱਖ 79 ਹਜ਼ਾਰ ਭਾਰਤੀ ਕਰੰਸੀ ਅਤੇ ਇਕ ਕੈਸ਼ ਕਾਊਟਿੰਗ ਮਸ਼ੀਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਨਰਿੰਦਰ ਖੁਰਾਣਾ ਉਰਫ ਵਿੱਕੀ ਖੁਰਾਣਾ ਪੁੱਤਰ ਮੋਹਨ ਲਾਲ ਖੁਰਾਣਾ ਅਤੇ ਰਸਲ ਖੁਰਾਣਾ ਪੁੱਤਰ ਨਰਿੰਦਰ ਖੁਰਾਣਾ ਵਾਸੀਅਨ ਹਾਊਸ ਨੰਬਰ 223, ਗਲੀ ਨੰਬਰ 2, ਕੁੰਦਨ ਨਗਰ ਫਿਰੋਜ਼ਪੁਰ ਸ਼ਹਿਰ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਚਿਤਾਵਨੀ ਜਾਰੀ ਕਰਦਿਆਂ ਆਖਿਆ ਕਿ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਜਿਹੜੇ ਵੀ ਵਿਅਕਤੀ ਇਸ ਗੈਰਕਾਨੂੰਨੀ ਧੰਦੇ ਵਿਚ ਲਿਪਤ ਹਨ, ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।



