Punjab

ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜ਼ਮੀਨ ‘ਤੇ ਮਿਲੇਗਾ ਮਾਲਕਾਣਾ ਹੱਕ

ਤਰਨਤਾਰਨ, 1 ਅਕਤੂਬਰ : ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਨੇ ਮੰਗਲਵਾਰ ਨੂੰ ਤਰਨਤਾਰਨ ਜ਼ਿਲ੍ਹੇ ਤੋਂ ‘ਮੇਰਾ ਘਰ, ਮੇਰਾ ਮਾਣ’ ਸਕੀਮ ਦੀ ਸ਼ੁਰੂਆਤ ਕੀਤੀ ਅਤੇ ਲਾਲ ਲਕੀਰ ਦੇ ਅੰਦਰ ਆਉਂਦੀ ਜ਼ਮੀਨ, ਜਾਇਦਾਦ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਵਾਲੇ ਹਲਕਾ ਤਰਨਤਾਰਨ ਦੇ 11 ਪਿੰਡਾਂ ਦੇ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ। ਇਸ ਮੌਕੇ ਹਲਕਾ ਇੰਚਾਰਜ ਤਰਨਤਾਰਨ ਹਰਮੀਤ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐੱਸਡੀਐੱਮ ਤਰਨਤਾਰਨ ਗੁਰਮੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫ਼ਸਰ ਤਰਨਤਾਰਨ ਗੁਰਪ੍ਰੀਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਪਤਵੰਤੇ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਲਾਭਪਾਤਰੀ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੀ ਸੰਪਤੀ ਦੇ ਅਧਿਕਾਰ ਵੰਡ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਤਰਨਤਾਰਨ ਤੋਂ ਸ਼ੁਰੂ ਹੋਈ ਇਹ ਮੇਰਾ ਘਰ, ਮੇਰਾ ਮਾਣ ਮੁਹਿੰਮ ਸੂਬੇ ਵਿਚ ਨਵੀਂ ਕ੍ਰਾਂਤੀ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਰਾਜ ਵਿਚ ਮਿਸ਼ਨ ਮੋਡ ’ਚ ਲਾਗੂ ਕੀਤਾ ਜਾ ਰਿਹਾ ਹੈ, ਇਹ ਸਕੀਮ ਦਸੰਬਰ 2026 ਤੱਕ ਰਾਜ ਭਰ ਵਿਚ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਰਾ ਘਰ, ਮੇਰਾ ਮਾਣ ਸਕੀਮ ਆਬਾਦੀ ਦੇਹ ਦੇ ਖੇਤਰ, ਜਿਸ ਨੂੰ ਅਸੀਂ ਲਾਲ ਲਕੀਰ ਦੇ ਨਾਂ ਨਾਲ ਜਾਣਦੇ ਹਾਂ, ਵਿਚ ਰਹਿ ਰਹੇ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣਾ ਹੈ। ਇਸ ਮੌਕੇ ਹਾਜ਼ਰ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰਾਪਰਟੀ ਕਾਰਡ ਤੁਹਾਡੀ ਜ਼ਮੀਨ ’ਤੇ ਤੁਹਾਡੇ ਮਾਲਕੀ ਦੇ ਹੱਕਾਂ ਦਾ ਇਕ ਸਪੱਸ਼ਟ, ਡਿਜੀਟਲ ਅਤੇ ਸਰਕਾਰੀ ਰਿਕਾਰਡ ਹੋਵੇਗਾ। ਹੁਣ ਕਿਸੇ ਨੂੰ ਇਹ ਨਹੀਂ ਕਹਿਣਾ ਪਏਗਾ ਕਿ ਤੁਹਾਡੇ ਕੋਲ ਜ਼ਮੀਨ ਦਾ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੰਪਤੀ ਕਾਰਡ ਹੁਣ ਬੈਂਕ ਵਿਚ ਤੁਹਾਡੀ ਜ਼ਮੀਨ ਦੀ ਗਾਰੰਟੀ ਦਾ ਕਾਗਜ਼ ਬਣੇਗਾ ਅਤੇ ਤੁਸੀਂ ਆਸਾਨੀ ਨਾਲ ਲੋਨ ਆਦਿ ਪ੍ਰਾਪਤ ਕਰ ਸਕੋਗੇ। ਇਸ ਸਕੀਮ ਦੇ ਲਾਭਪਾਤਰੀ ਲਾਲ ਲਕੀਰ ਵਾਲੀ ਇਸ ਜ਼ਮੀਨ ਨੂੰ ਹੁਣ ਤੁਸੀਂ ਬਿਨਾਂ ਕਿਸੇ ਡਰ ਜਾਂ ਝੰਜਟ ਦੇ ਵੇਚ ਸਕਦੇ ਹਨ। ਇਹ ਕਾਰਡ ਖਰੀਦਦਾਰ ਨੂੰ ਪੂਰਾ ਭਰੋਸਾ ਦੇਵੇਗਾ ਕਿ ਜ਼ਮੀਨ ਸਾਫ਼ ਹੈ ਅਤੇ ਤੁਸੀਂ ਇਸ ਦੇ ਅਸਲ ਮਾਲਕ ਹੋ। ਇਸ ਨਾਲ ਲੈਣ-ਦੇਣ ਦੀ ਪ੍ਰਕਿਰਿਆ ਆਸਾਨ ਅਤੇ ਪਾਰਦਰਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਪੀੜ੍ਹੀ ਦਰ ਪੀੜ੍ਹੀ ਦੇ ਜ਼ਮੀਨੀ ਝਗੜੇ ਖਤਮ ਹੋਣਗੇ ਤੇ ਬੱਚਿਆਂ ਨੂੰ ਵਿਰਸੇ ਵਿਚ ਸਾਫ਼ ਸਪੱਸ਼ਟ ਜ਼ਮੀਨ ਮਿਲੇਗੀ। ਇਹ ਸੰਪਤੀ ਕਾਰਡ ਤੁਹਾਡੀ ਜ਼ਮੀਨ ਦਾ ਆਧਾਰ ਕਾਰਡ ਹੈ, ਇਹ ਤੁਹਾਡੀ ਅਗਲੀ ਪੀੜ੍ਹੀ ਦੀ ਸੰਪਤੀ ਦੀ ਗਾਰੰਟੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਰਾਜ ਦੇ ਸਰਬਪੱਖੀ ਵਿਕਾਸ ਲਈ ਅਨੇਕਾਂ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾ ਰਾਜ ਦੇ ਲੋਕਾਂ ਨੂੰ ਜੋ ਗਰੰਟੀਆਂ ਦਿੱਤੀਆਂ ਸਨ, ਉਨ੍ਹਾਂ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਮੇਰਾ ਘਰ, ਮੇਰਾ ਮਾਣ’ ਸਕੀਮ ਰਾਹੀਂ ਰਾਜ ਦੇ ਹਜ਼ਾਰਾਂ ਪਰਿਵਾਰਾਂ ਤੇ ਲੱਖਾਂ ਲੋਕਾਂ ਨੂੰ ਲਾਭ ਮਿਲੇਗਾ।

ਪਾਇਲਟ ਪ੍ਰੋਜੈਕਟ ਦਾ ਤਰਨਤਾਰਨ ਹਲਕੇ ’ਚ ਉਦਘਾਟਨ ਕਰ ਕੇ ਮਾਝੇ ਨੂੰ ਮਾਣ ਦਿੱਤਾ : ਸੰਧੂ

ਇਸ ਮੌਕੇ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਨੇ ਇਸ ਸਕੀਮ ਨੂੰ ਤਰਨਤਾਰਨ ਹਲਕੇ ਤੋਂ ਵੱਡੇ ਪਾਇਲਟ ਪ੍ਰੋਜੈਕਟ ਮੇਰਾ ਘਰ ਮੇਰਾ ਮਾਣ ਦੀ ਸ਼ੁਰੂਆਤ ਕਰ ਕੇ ਮਾਝੇ ਨੂੰ ਵੱਡਾ ਮਾਣ-ਸਨਮਾਨ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਰਜਿਸਟ੍ਰੇਸ਼ਨ ਦਾ ਕਾਰਜ ਵੀ ਤਰਨਤਾਰਨ ਤੋਂ ਆਰੰਭ ਕੀਤਾ ਗਿਆ। ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ‘ਮੇਰਾ ਘਰ, ਮੇਰਾ ਮਾਣ’ ਸਕੀਮ ਦੇ ਲਾਭਪਾਤਰੀਆਂ ਨੂੰ ਵਧਾਈ ਦਿੱਤੀ।

Related Articles

Leave a Reply

Your email address will not be published. Required fields are marked *

Back to top button