
ਬਾਲ ਕਿਸ਼ਨ
ਫਿਰੋਜ਼ਪੁਰ, 21 ਸਤੰਬਰ : ਮਮਦੋਟ ’ਚ ਭ੍ਰਿਸ਼ਟਾਚਾਰ ਵਿਰੁੱਧ ਇਕ ਕਾਰਵਾਈ ਸਾਹਮਣੇ ਆਈ ਹੈ, ਜਿਸ ’ਚ ਥਾਣਾ ਮਮਦੋਟ ਦੀ ਪੁਲਿਸ ਨੇ ਇਕ ਪ੍ਰਾਈਵੇਟ ਦੇ ਸਹਾਇਕ ਸੁਲਿੰਦਰ ਸਹੋਤਾ ਨੂੰ ਜ਼ਮੀਨ ਦੀਆਂ ਨਕਲਾਂ ਦੇਣ ਬਦਲੇ 75 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ’ਤੇ ਉਸ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਪ੍ਰੋਵੈਨਸ਼ਨ ਆਫ ਕੁਰੱਪਸ਼ਨ ਐਕਟ 1988 (ਏਮਨਡੇਡ ਐਕਟ 2018) ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਇਕ ਟੋਲ ਫਰੀ ਸ਼ਿਕਾਇਤ ਨੰਬਰ 26 ਰਾਹੀਂ ਹਰਬੰਸ ਕੌਰ ਪਤਨੀ ਵੀਰ ਸਿੰਘ ਵਾਸੀ ਕਮੱਗਰ ਜ਼ਿਲ੍ਹਾ ਫਿਰੋਜ਼ਪੁਰ ਨੇ ਸੁਲਿੰਦਰ ਸਹੋਤਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਇਸ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਦੇ ਉਪ ਕਪਤਾਨ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਥਾਣਾ ਮਮਦੋਟ ਦੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ, ਜਿਸ ’ਚ ਮਿਤੀ 8 ਅਗਸਤ 2025, 11 ਅਪ੍ਰੈਲ 2025 ਅਤੇ 1 ਸਤੰਬਰ 2025 ਨੂੰ ਜਾਰੀ ਹੋਏ ਵੱਖ-ਵੱਖ ਪੱਤਰ ਸ਼ਾਮਲ ਸਨ, ਥਾਣੇ ਨੂੰ ਪ੍ਰਾਪਤ ਹੋਏ। ਇਹ ਰਿਪੋਰਟਾਂ ਸੰਯੁਕਤ ਡਾਇਰੈਕਟਰ ਕੰਪਲੇਟ ਸੈੱਲ ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਸਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸੁਲਿੰਦਰ ਸਹੋਤਾ, ਜੋ ਕਿ ਬਸਤੀ ਟੈਂਕਾਂਵਾਲੀ ਫਿਰੋਜ਼ਪੁਰ ਦਾ ਵਸਨੀਕ ਹੈ, ਨੇ ਸ਼ਿਕਾਇਤਕਰਤਾ ਕੋਲੋਂ ਜ਼ਮੀਨ ਦੀਆਂ ਨਕਲਾਂ ਦੇਣ ਲਈ 75 ਹਜ਼ਾਰ ਰੁਪਏ ਦੀ ਰਿਸ਼ਵਤ ਹਾਸਲ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।



