ਆਂਗਨਵਾੜੀ ਕੇਂਦਰਾਂ ’ਚ ਆਏ ਰਾਸ਼ਨ ’ਚੋਂ ਨਿਕਲਿਆ ‘ਰੋਸਟਰ ਡੱਡੂ’, ਬੱਚਿਆਂ ਤੇ ਮਾਵਾਂ ਦੀ ਜਾਨ ਨਾਲ ਕੀਤਾ ਜਾ ਰਿਹੈ ਖਿਲਵਾੜ

ਬਠਿੰਡਾ, 20 ਸਤੰਬਰ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਕੇਂਦਰ ਵਿਚ ਜੋ ਰਾਸ਼ਨ ਬੱਚਿਆਂ ਅਤੇ ਮਾਵਾਂ ਦੇ ਖਾਣ ਲਈ ਭੇਜਿਆ ਜਾ ਰਿਹਾ ਹੈ, ਉਸਦੀ ਕੁਆਲਿਟੀ ਬੇਹੱਦ ਘਟੀਆ ਹੈ। ਉਸ ਵਿੱਚੋਂ ਮਰੇ ਹੋਏ ਡੱਡੂ, ਕਿਰਲੀਆਂ, ਕੌਕਰੇਜ ਅਤੇ ਹੋਰ ਕੀੜੇ ਮਕੌੜੇ ਨਿਕਲ ਰਹੇ ਹਨ। ਸਾਫ਼ ਸਫ਼ਾਈ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਹੜਾ ਰਾਸ਼ਨ ਆਂਗਣਵਾੜੀ ਸੈਂਟਰ ’ਚ ਆ ਰਿਹਾ ਹੈ ਦੇ ਪੈਕਟਾਂ ਨੂੰ ਉੱਲੀ ਲੱਗੀ ਹੁੰਦੀ ਹੈ। ਪਿਛਲੇ ਦਿਨੀਂ ਤਰਨਤਾਰਨ ਜ਼ਿਲ੍ਹੇ ਦੇ ਇਕ ਆਂਗਣਵਾੜੀ ਸੈਂਟਰ ’ਚ ਆਏ ਰਾਸ਼ਨ ਦੇ ਪੈਕਟ ਵਿੱਚੋਂ ਰੋਸਟਰ ਹੋਇਆ ਡੱਡੂ ਨਿਕਲਿਆ। ਸਰਕਾਰ ਆਂਗਣਵਾੜੀ ਵਰਕਰਾਂ ’ਤੇ ਦਬਾਅ ਬਣਾਉਂਦੀ ਹੈ ਕਿ ਕੋਈ ਵੀ ਅਜਿਹੀ ਕੁਤਾਹੀ ਮੀਡੀਆ ਸਾਹਮਣੇ ਨਾ ਆਵੇ, ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ। ਜੇਕਰ ਕੋਈ ਆਂਗਣਵਾੜੀ ਵਰਕਰ ਅਜਿਹਾ ਮੁੱਦਾ ਚੁੱਕਦੀ ਹੈ ਤਾਂ ਉਸਨੂੰ ਡਰਾਇਆ ਧਮਕਾਇਆ ਜਾਂਦਾ ਹੈ ਤੇ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਕਰੇ, ਕਿਸੇ ਦਿਨ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਇਸ ਲਈ ਆਂਗਣਵਾੜੀ ਕੇਂਦਰ ’ਚ ਆ ਰਿਹਾ ਰਾਸ਼ਨ ਪੈਕਟਾਂ ਵਿਚ ਦੇਣ ਦੀ ਥਾਂ ਤੇ ਆਂਗਣਵਾੜੀ ਵਰਕਰਾਂ ਨੂੰ ਸਿੱਧਾ ਸਪਲਾਈ ਕੀਤਾ ਜਾਵੇ ਤਾਂ ਜੋ ਤਾਜ਼ਾ ਖਾਣਾ ਬੱਚਿਆਂ ਨੂੰ ਪਕਾ ਕੇ ਖੁਆ ਸਕਣ, ਪਰ ਸਰਕਾਰ ਇਹ ਨਹੀਂ ਕਰ ਰਹੀ, ਕਿਉਂਕਿ ਆਂਗਣਵਾੜੀ ਵਰਕਰਾਂ ਨੂੰ ਜੋ ਸਮਾਨ ਦੇਣਾ ਹੁੰਦਾ ਹੈ ਉਹ ਉਨ੍ਹਾਂ ਨੂੰ ਦੇ ਕੇ ਦਸਤਖ਼ਤ ਲੈਣੇ ਹੁੰਦੇ ਹਨ ਕਿ ਅਸੀਂ ਐਨਾ ਖਾਣਾ ਦਿੱਤਾ ਪਰ ਜੇਕਰ ਸਮਾਨ ਬਾਹਰੋਂ ਬਣਵਾਉਂਦੇ ਹਨ ਤੇ ਕੰਪਨੀ ਨੂੰ ਦਿੰਦੇ ਹਨ ਤਾਂ ਉਸ ਵਿਚ ਕਰੋੜਾਂ ਰੁਪਏ ਦਾ ਘਪਲਾ ਹੁੰਦਾ ਹੈ। ਉਨ੍ਹਾਂ ਨੂੰ ਕਣਕ ਤੇ ਚੌਲ ਮੁਫ਼ਤ ਸਪਲਾਈ ਕਰਦੇ ਹਨ ਤੇ ਬਾਅਦ ਵਿਚ ਉਹ ਕੰਪਨੀ ਬਣਾ ਕੇ ਆਪਣਾ ਪੂਰੇ ਮੁੱਲ ’ਤੇ ਮਹਿਕਮੇ ਨੂੰ ਵੇਚਦੀ ਹੈ, ਜਿਸ ਕਰਕੇ ਬਹੁਤ ਵੱਡਾ ਘਪਲਾ ਚੱਲ ਰਿਹਾ ਹੈ ਤੇ ਸਰਕਾਰ ਆਂਗਣਵਾੜੀ ਕੇਂਦਰਾਂ ’ਚ ਕੱਚਾ ਰਾਸ਼ਨ ਦੇਣ ਦੀ ਥਾਂ ’ਤੇ ਪੱਕਿਆ ਪਕਾਇਆ ਦੇ ਰਹੀ ਹੈ, ਜੋ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਤੇ ਲੋਕ ਇਸ ਰਾਸ਼ਨ ਨੂੰ ਲੈਣ ਲਈ ਤਿਆਰ ਨਹੀਂ।



