ਦੋ ਵਾਰ ਤਲਾਕ, 71 ਸਾਲ ਦੀ ਉਮਰ ‘ਚ ਫਿਰ ਹੋਇਆ ਪਿਆਰ,. ਮਿਲੀ ਭਿਆਨਕ ਮੌਤ
ਦਿਲ ਦਹਿਲਾ ਦੇਵੇਗੀ NRI ਔਰਤ ਦੇ ਕਤਲ ਦੀ ਕਹਾਣੀ

ਲੁਧਿਆਣਾ, 19 ਸਤੰਬਰ : ਕਿਲਾ ਰਾਏਪੁਰ ਇਲਾਕੇ ’ਚ ਹੋਈ 71 ਸਾਲਾ ਐੱਨਆਰਆਈ ਔਰਤ ਰੁਪਿੰਦਰ ਕੌਰ ਪੰਧੇਰ ਦੀ ਹੱਤਿਆ ਤੋਂ ਬਾਅਦ ਦੋਸ਼ੀ ਸੁਖਜੀਤ ਸਿੰਘ (24) ਦੋ ਦਿਨ ਤੱਕ ਉਸ ਦੀ ਲਾਸ਼ ਸੜਣ ਦਾ ਇੰਤਜ਼ਾਰ ਕਰਦਾ ਰਿਹਾ। ਇਸ ਦਾ ਖੁਲਾਸਾ ਦੋਸ਼ੀ ਨੇ ਪੁਲਿਸ ਦੀ ਪੁੱਛਗਿੱਛ ’ਚ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀ ਵੀ ਉਸੇ ਕਮਰੇ ’ਚ ਸੀ ਤੇ ਹਰ ਰੋਜ਼ ਆਪਣੇ ਸਾਹਮਣੇ ਲਾਸ਼ ਨੂੰ ਸੜਦੇ ਹੋਏ ਦੇਖ ਰਿਹਾ ਸੀ। ਹੱਡੀਆਂ ਨਿਕਲਣ ਦੇ ਬਾਅਦ ਉਹ ਹੱਡੀਆਂ ਨੂੰ ਬੋਰੇ ’ਚ ਭਰ ਕੇ ਪਿੰਡ ਘੁੰਗਰਾਣਾ ਦੇ ਨਾਲੇ ’ਚ ਸੁੱਟਣ ਪਹੁੰਚ ਗਿਆ ਪਰ ਦੋਸ਼ੀ ਸੁਖਜੀਤ ਇੰਨਾ ਚਲਾਕ ਨਾ ਹੋਣ ਕਾਰਨ ਪੁਲਿਸ ਦੀ ਜਾਂਚ ’ਚ ਫਸ ਗਿਆ, ਜੇਕਰ ਦੋਸ਼ੀ ਨੂੰ ਯੂਕੇ ਦੇ ਬ੍ਰਿਟੇਨ ’ਚ ਬੈਠੇ ਐੱਨਆਰਆਈ ਚਰਨਜੀਤ ਸਿੰਘ (75) ਵੱਲੋਂ ਸੁਪਾਰੀ ਦੇ 50 ਲੱਖ ਦੇ ਦਿੱਤੇ ਜਾਂਦੇ ਤਾਂ ਸ਼ਾਇਦ ਸੁਖਜੀਤ ਪੁਲਿਸ ਦੀ ਗ੍ਰਿਫਤ ਤੋਂ ਦੂਰ ਰਹਿੰਦਾ।
ਇੰਝ ਖੁੱਲ੍ਹਿਆ ਹੱਤਿਆ ਦਾ ਭੇਤ
ਕਮਰੇ ਦੀ ਰੈਨੋਵੇਸ਼ਨ ਤੇ ਮ੍ਰਿਤਕਾ ਦੀ ਭੈਣ ਦੇ ਦਬਾਅ ’ਚ ਸ਼ੁਰੂ ਹੋਈ ਜਾਂਚ ਜਾਣਕਾਰੀ ਅਨੁਸਾਰ ਦੋਸ਼ੀ ਸੁਖਜੀਤ ਨੇ 12 ਜੁਲਾਈ ਨੂੰ ਰੁਪਿੰਦਰ ਕੌਰ ਦੀ ਹੱਤਿਆ ਕੀਤੀ, ਜਦੋਂ ਉਸ ਦਾ ਭਰਾ ਤੇ ਭਾਬੀ ਘਰ ਨਹੀਂ ਸਨ। ਉਹ ਕਿਸੇ ਕੰਮ ਦੇ ਸਿਲਸਿਲੇ ’ਚ ਕੁਝ ਦਿਨਾਂ ਲਈ ਬਾਹਰ ਗਏ ਸਨ ਪਰ ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਜਿਸ ਕਮਰੇ ’ਚ ਰੁਪਿੰਦਰ ਕੌਰ ਰਹਿ ਰਹੀ ਸੀ, ਉਹ ਪੂਰੀ ਤਰ੍ਹਾਂ ਰੈਨੋਵੇਟ ਕੀਤਾ ਗਿਆ ਸੀ। ਕਮਰੇ ’ਚ ਪੇਂਟ ਹੋਇਆ ਸੀ ਤੇ ਫ਼ਲੋਰ ਦੀ ਟਾਈਲਾਂ ਵੀ ਬਦਲੀਆਂ ਗਈਆਂ ਸਨ, ਜਦੋਂ ਭਰਾ ਤੇ ਭਾਬੀ ਆਏ ਤਾਂ ਉਹ ਵੀ ਦੇਖ ਕੇ ਹੈਰਾਨ ਹੋ ਗਏ ਕਿ ਸਿਰਫ ਇਕ ਕਮਰੇ ਦੀ ਰੈਨੋਵੇਸ਼ਨ ਹੋਈ। ਉੱਧਰ ਰੁਪਿੰਦਰ ਦੀ ਭੈਣ ਕਮਲ ਕੌਰ, ਜੋ ਕਿ ਵਿਦੇਸ਼ ’ਚ ਹੈ, ਨੇ ਅਮਰੀਕਾ ’ਚ ਭਾਰਤ ਦੇ ਦੂਤਾਵਾਸ ’ਤੇ ਦਬਾਅ ਬਣਾਇਆ ਕਿ ਉਸ ਦੀ ਭੈਣ ਪੰਜਾਬ ’ਚ ਗਾਇਬ ਹੈ ਤਾਂ ਲੁਧਿਆਣਾ ਪੁਲਿਸ ’ਤੇ ਦਬਾਅ ਬਣਾਇਆ। ਪੁਲਿਸ ਨੇ ਸਭ ਤੋਂ ਪਹਿਲਾਂ ਦੋਸ਼ੀ ਸੁਖਜੀਤ ਤੋਂ ਪੁੱਛਤਾਛ ਕੀਤੀ ਪਰ ਕੁਝ ਪਤਾ ਨਹੀਂ ਚੱਲਿਆ। ਸੂਤਰਾਂ ਅਨੁਸਾਰ ਜਦੋਂ ਉਸ ਦੇ ਭਰਾ ਤੋਂ ਪੁੱਛਤਾਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਪਤਨੀ ਨਾਲ ਬਾਹਰ ਗਏ ਸਨ। ਉਸ ਦੇ ਪਿੱਛੇ ਰੁਪਿੰਦਰ ਕੌਰ ਕੈਨੇਡਾ ਚਲੀ ਗਈ ਸੀ, ਜਦੋਂ ਉਹ ਆਏ ਤਾਂ ਕਮਰੇ ’ਚ ਰੈਨੋਵੇਸ਼ਨ ਹੋਈ ਸੀ। ਇਸ ਗੱਲ ਨਾਲ ਪੁਲਿਸ ਨੂੰ ਸ਼ੱਕ ਹੋਇਆ। ਇਸ ਲਈ ਸੁਖਜੀਤ ਨੂੰ ਦੁਬਾਰਾ ਪੁੱਛਗਿੱਛ ਲਈ ਸੀਆਈਏ ਲਿਜਾਇਆ ਗਿਆ। ਇੱਥੇ ਦੋਸ਼ੀ ਨੇ ਪੁਲਿਸ ਦੇ ਸਾਹਮਣੇ ਸੱਚ ਕਬੂਲ ਕੀਤਾ।
ਦੋਸ਼ੀਆਂ ਨੂੰ ਲੱਖਾਂ ਰੁਪਏ ਟਰਾਂਸਫਰ ਕਰ ਚੁੱਕੀ ਸੀ ਰੁਪਿੰਦਰ ਕੌਰ, ਚਰਨਜੀਤ ਸੁਪਾਰੀ ਦੇਣ ਤੋਂ ਮੁੱਕਰਿਆ
ਸੂਤਰਾਂ ਅਨੁਸਾਰ ਵਿਦੇਸ਼ ’ਚ ਰਹਿੰਦੇ ਹੋਏ ਰੁਪਿੰਦਰ ਕੌਰ ਦੋਸੀ ਸੁਖਜੀਤ ਸਿੰਘ ਨੂੰ 40 ਲੱਖ ਰੁਪਏ ਤੱਕ ਟਰਾਂਸਫਰ ਕਰ ਚੁੱਕੀ ਸੀ। ਇਸ ’ਚੋਂ ਅੱਧੇ ਤੋਂ ਵੱਧ ਚਰਨਜੀਤ ਨੂੰ ਟਰਾਂਸਫਰ ਕੀਤੇ ਗਏ ਸਨ। ਪਤਾ ਚੱਲਿਆ ਹੈ ਕਿ ਹੱਤਿਆ ਤੋਂ ਬਾਅਦ ਦੋਸ਼ੀ ਸੁਖਜੀਤ ਚਰਨਜੀਤ ਤੋਂ ਲਗਾਤਾਰ ਸੁਪਾਰੀ ਦੇ 50 ਲੱਖ ਮੰਗ ਰਿਹਾ ਸੀ ਪਰ ਉਨ੍ਹਾਂ ਵਿਚਕਾਰ ਸ਼ਬਦੀ ਜੰਗ ਹੋ ਗਈ ਸੀ ਤੇ ਚਰਨਜੀਤ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਇਨ੍ਹਾਂ ਤੱਥਾਂ ਬਾਰੇ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ। ਇਹ ਸਭ ਦੋਸ਼ੀ ਚਰਨਜੀਤ ਦੀ ਗ੍ਰਿਫਤਾਰੀ ਦੇ ਬਾਅਦ ਸਾਫ਼ ਹੋਵੇਗਾ।
ਸਮਾਨ ਦੀ ਤਲਾਸ਼ ’ਚ ਦੋਸ਼ੀ ਨੂੰ ਲੈ ਕੇ ਘੁੰਗਰਾਣਾ ਪੁੱਜੀ ਪੁਲਿਸ
ਪੁਲਿਸ ਨੇ ਦੋਸ਼ੀ ਸੁਖਜੀਤ ਨੂੰ ਅਦਾਲਤ ’ਚ ਪੇਸ਼ ਕਰ ਕੇ 3 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਇਸ ਰਿਮਾਂਡ ’ਚ ਦੋਸ਼ੀ ਤੋਂ ਔਰਤ ਦੇ ਗਹਿਣੇ, ਕੱਪੜੇ ਤੇ ਬਾਕੀ ਦਾ ਗਾਇਬ ਸਾਮਾਨ ਰਿਕਵਰ ਕਰਵਾਉਣਾ ਹੈ। ਇਸੇ ਲਈ ਪੁਲਿਸ ਦੋਸ਼ੀ ਨੂੰ ਲੈ ਕੇ ਵੀਰਵਾਰ ਨੂੰ ਪਿੰਡ ਘੁੰਗਰਾਣਾ ’ਚ ਪਹੁੰਚੀ ਸੀ। ਇੱਥੇ ਉਨ੍ਹਾਂ ਨੇ ਉਕਤ ਨਾਲੇ ’ਚ ਜਾ ਕੇ ਤਲਾਸ਼ ਕੀਤੀ ਤੇ ਆਰੋਪਿਤ ਤੋਂ ਪੁੱਛਿਆ ਕਿ ਹੱਡੀਆਂ ਬੋਰੇ ’ਚ ਪਾ ਕੇ ਕਿੱਥੇ ਸੁੱਟੀਆਂ ਸਨ।
ਕੋਲੇ ਦੇ ਟਾਲ ਤੋਂ ਲਿਆ ਵੱਡਾ ਕੋਲਾ
ਜਾਂਚ ’ਚ ਸਾਹਮਣੇ ਆਇਆ ਕਿ ਦੋਸ਼ੀ ਸੁਖਜੀਤ ਸਾਜ਼ਿਸ਼ ਤਹਿਤ ਪਹਿਲਾਂ ਤੋਂ ਹੀ ਵੱਡਾ ਕੋਲਾ ਲੈ ਕੇ ਆਇਆ ਸੀ ਤੇ ਉਸ ਨੂੰ ਘਰ ’ਚ ਰੱਖ ਦਿੱਤਾ ਸੀ, ਜਦੋਂ ਰੁਪਿੰਦਰ ਦੀ ਹੱਤਿਆ ਕੀਤੀ ਗਈ ਤਾਂ ਲਾਸ਼ ਨੂੰ ਕੋਲੇ ’ਤੇ ਰੱਖ ਦਿੱਤਾ ਤੇ ਅੱਗ ਲਾ ਦਿੱਤੀ। ਦੋ ਦਿਨ ਤੱਕ ਅੱਗ ਨਾਲ ਲਾਸ਼ ਸੜਦੀ ਰਹੀ। ਦੋਸ਼ੀ ਉਸ ਸਮੇਂ ਘਰ ’ਚ ਹੀ ਸੀ, ਜਦੋਂ ਸਾਰੀ ਚਮੜੀ ਸੜ ਗਈ ਤੇ ਹੱਡੀਆਂ ਰਹਿ ਗਈਆਂ ਤਾਂ 5 ਘੰਟੇ ਤੋਂ ਵੱਧ ਸਮਾਂ ਲੈ ਕੇ ਹੱਡੀਆਂ ਨੂੰ ਇਕੱਠਾ ਕੀਤਾ ਤੇ ਨਾਲੇ ’ਚ ਵਹਾ ਦਿੱਤਾ।
ਕੋਟਸ
‘ਅਜੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਤਿੰਨ ਦਿਨਾਂ ਦੇ ਰਿਮਾਂਡ ’ਤੇ ਹੈ। ਉਸ ਤੋਂ ਔਰਤ ਦੇ ਕੱਪੜੇ, ਗਹਿਣੇ ਤੇ ਬਾਕੀ ਦਾ ਸਾਮਾਨ ਰਿਕਵਰ ਕਰਵਾਉਣਾ ਹੈ।’
ਟਾਈਮਲਾਈਨ
– ਮਈ 2024 : ਰੁਪਿੰਦਰ-ਗਰੇਵਾਲ ਇਕ ਮੈਟਰੀਮੋਨੀਅਲ ਸਾਈਟ ’ਤੇ ਮਿਲੇ।
– ਜੁਲਾਈ 2024 : ਗਰੇਵਾਲ ਨੇ ਅਮਰੀਕਾ ’ਚ ਰੁਪਿੰਦਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
– ਅਕਤੂਬਰ 2024 : ਰੁਪਿੰਦਰ ਭਾਰਤ ਆਈ, ਸੋਨੂ ਨਾਲ ਮੁਲਾਕਾਤ ਹੋਈ।
– ਮਈ 2025 : ਰੁਪਿੰਦਰ ਕੌਰ ਪੰਧੇਰ ਅਮਰੀਕਾ ਵਾਪਸ ਚਲੀ ਗਈ।
– 1 ਜੂਨ 2025 : ਰੁਪਿੰਦਰ ਭਾਰਤ ਆਈ ਤੇ ਗਰੇਵਾਲ ਦੇ ਜਾਣ-ਪਛਾਣ ਵਾਲਿਆਂ ਨਾਲ ਮਿਲੀ।
– 12-15 ਜੁਲਾਈ 2025 : ਰੁਪਿੰਦਰ ਕੌਰ ਦੀ ਹੱਤਿਆ ਕਰ ਦਿੱਤੀ ਗਈ ਤੇ ਉਸ ਦੀ ਲਾਸ਼ ਨੂੰ ਸਾੜਨ ਤੋਂ ਬਾਅਦ ਨਾਲੇ ’ਚ ਸੁੱਟ ਦਿੱਤਾ ਗਿਆ।
– 28 ਜੁਲਾਈ : ਰੁਪਿੰਦਰ ਦੀ ਭੈਣ ਨੇ ਅਮਰੀਕੀ ਦੂਤਾਵਾਸ ਨਾਲ ਗੱਲ ਕੀਤੀ।
– 18 ਅਗਸਤ : ਸੋਨੂੰ ਨੇ ਰੁਪਿੰਦਰ ਦੀ ਗੁੰਮਸ਼ੁਦਗੀ ਦੀ ਝੂਠੀ ਰਿਪੋਰਟ ਦਰਜ ਕਰਵਾਈ।
– 13 ਸਤੰਬਰ 2025 : ਦੋਸ਼ੀ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਮਾਮਲੇ ਨੇ ਸਿਰਫ ਪਰਿਵਾਰਾਂ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਰੁਪਿੰਦਰ ਦੀ ਹੱਤਿਆ ਦੇ ਪਿੱਛੇ ਦੇ ਕਾਰਨ ਤੇ ਇਸ ਦੇ ਨਤੀਜੇ ਸਮਾਜਿਕ ਸੁਰੱਖਿਆ ਤੇ ਨਿਆਂ ਦੇ ਪ੍ਰਣਾਲੀ ’ਤੇ ਸਵਾਲ ਉਠਾਉਂਦੇ ਹਨ।



