Punjab

ਹਾਈ ਕੋਰਟ ਜਾਣ ਵਾਲੇ ਧਿਆਨ ਦੇਣ! ਬਾਰ ਐਸੋਸੀਏਸ਼ਨ ਅੱਜ ਹੜਤਾਲ ’ਤੇ, ਜਾਣੋ ਕੀ ਹੈ ਪੂਰਾ ਮਾਮਲਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 18 ਸਤੰਬਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਬੁੱਧਵਾਰ ਨੂੰ ਇਕ ਮਹਿਲਾ ਵਕੀਲ ਤੇ ਉਸ ਦੇ ਇਕ ਸਾਥੀ ਵਕੀਲ ਨੇ ਬਾਰ ਸਕੱਤਰ ਤੇ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਬਾਰ ਦੀ ਕਾਰਜਕਾਰੀ ਕਮੇਟੀ ਦਾ ਕਹਿਣਾ ਹੈ ਕਿ ਵਕੀਲ ਰਵਨੀਤ ਕੌਰ ਨੇ ਚੀਫ ਜਸਟਿਸ ਦੀ ਅਦਾਲਤ ’ਚ ਝੂਠੇ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਬਾਰ ਸਕੱਤਰ ਨੇ ਉਨ੍ਹਾਂ ਦਾ ਬੈਗ ਤੇ ਲੈਪਟਾਪ ਜ਼ਬਤ ਕਰ ਲਿਆ ਹੈ। ਅਦਾਲਤ ’ਚ ਹਾਜ਼ਰ ਬਾਰ ਦੇ ਕਰੀਬ 100 ਮੈਂਬਰਾਂ ਨੇ ਰਵਨੀਤ ਕੌਰ ਦੇ ਮਾਮਲੇ ਦੀ ਸੁਣਵਾਈ ਨਾ ਕਰਨ ਲਈ ਅਦਾਲਤ ਨੂੰ ਬੇਨਤੀ ਕੀਤੀ ਹੈ। ਅਦਾਲਤ ਤੋਂ ਬਾਹਰ ਆ ਕੇ ਰਵਨੀਤ ਕੌਰ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਐਡਵੋਕੇਟ ਸਿਮਰਜਨੀਤ ਸਿੰਘ ਬਲਾਸੀ ਨਾਲ ਕਾਰਜਕਾਰੀ ਦਫ਼ਤਰ ’ਚ ਦਾਖ਼ਲ ਹੋ ਗਈ। ਬਾਰ ਦੇ ਮੈਂਬਰਾਂ ਨੇ ਕਿਹਾ ਕਿ ਐਡਵੋਕੇਟ ਬਲਾਸੀ ਅਦਾਲਤ ਕੰਪਲੈਕਸ ’ਚ ਸਰੇਆਮ ਤਲਵਾਰ ਲੈ ਕੇ ਘੁੰਮਦਾ ਰਿਹਾ ਤੇ ਦੋਵਾਂ ਵਕੀਲਾਂ ਨੇ ਬਾਰ ਦੇ ਸਕੱਤਰ ਤੇ ਮੈਂਬਰਾਂ ਨਾਲ ਮਾਰਕੁੱਟ ਕੀਤੀ। ਉਨ੍ਹਾਂ ਦੀ ਹੋਰ ਵਕੀਲਾਂ ਨਾਲ ਝੜਪ ਵੀ ਹੋਈ। ਹੰਗਾਮੇ ਤੋਂ ਬਾਅਦ ਪੁਲਿਸ ਰਵਨੀਤ ਕੌਰ ਤੇ ਬਲਾਸੀ ਨੂੰ ਆਪਣੇ ਨਾਲ ਲੈ ਗਈ। ਬਾਰ ਮੈਂਬਰਾਂ ਨੇ ਦੋਸ਼ ਲਗਾਇਆ ਕਿ ਗੰਭੀਰ ਮਾੜੇ ਵਿਹਾਰ ਦੇ ਬਾਵਜੂਦ ਪੁਲਿਸ ਨੇ ਦੋਵਾਂ ’ਤੇ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਰਵਨੀਤ ਕੌਰ ਤੇ ਬਲਾਸੀ ਖ਼ਿਲਾਫ਼ ਫ਼ੌਰੀ ਐੱਫਆਈਆਰ ਦਰਜ ਕਰਨ ਤੇ ਉਨ੍ਹਾਂ ਦੀ ਛੇਤੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦੋਵਾਂ ਵਕੀਲਾਂ ਨੇ ਕੋਰਟ ਕੰਪਲੈਕਸ ’ਚ ਗੰਭੀਰ ਮਾੜਾ ਵਿਹਾਰ ਕੀਤਾ, ਸਕੱਤਰ ਦੇ ਹੋਰ ਮੈਂਬਰਾਂ ਨਾਲ ਮਾਰਕੁੱਟ ਤੇ ਧਮਕਾਉਣ ਵਰਗੀਆਂ ਹਰਕਤਾਂ ਕੀਤੀਆਂ, ਬਾਵਜੂਦ ਇਸ ਦੇ ਪੁਲਿਸ ਨੇ ਆਈਟੀ ਐਕਟ, ਆਰਮਸ ਐਕਟ ਤੇ ਹੋਰ ਧਾਰਾਵਾਂ ’ਚ ਮਾਮਲਾ ਦਰਜ ਨਹੀਂ ਕੀਤਾ। ਨਾਲ ਹੀ ਇਸ ਗੱਲ ’ਤੇ ਰੋਸ ਪ੍ਰਗਟਾਇਆ ਕਿ ਸੋਸ਼ਲ ਮੀਡੀਆ ’ਤੇ ਬਾਰ ਪ੍ਰਧਾਨ ਤੇ ਸਕੱਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਾਈ ਗਈ ਇਤਰਾਜ਼ਯੋਗ ਪੋਸਟ ਵੀ ਨਹੀਂ ਹਟਾਈ ਗਈ। ਬਾਰ ਨੇ ਐਲਾਨ ਕੀਤਾ ਕਿ 18 ਸਤੰਬਰ ਨੂੰ ਐਸੋਸੀਏਸ਼ਨ ਹੜਤਾਲ ’ਤੇ ਰਹੇਗੀ। ਘਟਨਾ ਤੋਂ ਪਹਿਲਾਂ ਐਡਵੋਕੇਟ ਰਵਨੀਤ ਕੌਰ, ਜਿਨ੍ਹਾਂ ਨੇ ਬਾਰ ਐਸੋਸੀਏਸ਼ਨ ਤੇ ਕੁਝ ਜੱਜਾਂ ਖ਼ਿਲਾਫ਼ ਅੱਤਿਆਚਾਰ ਦੇ ਦੋਸ਼ ਲਗਾਉੰਦੇ ਹੋਏ ਮਾਮਲੇ ਦਰਜ ਕੀਤੇ ਹਨ, ਚੀਫ ਜਸਟਿਸ ਦੇ ਸਾਹਮਣੇ ਪੇਸ਼ ਹੋਈ ਤੇ ਦੱਸਿਆ ਕਿ ਉਨ੍ਹਾਂ ਦੀ ਐਂਟਰੀ ’ਤੇ ਬਾਰ ਐਸੋਸੀਏਸ਼ਨ ਨੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਬਲਾਸੀ ਨੇ ਰਵਨੀਤ ਕੌਰ ਦਾ ਸਮਰਥਨ ਕੀਤਾ। ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਨੇ ਕੌਮੀ ਇਨਸਾਫ਼ ਮੋਰਚਾ (ਬੰਦੀ ਸਿੱਖ) ਵੱਲੋਂ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button