
ਬਰਨਾਲਾ, 16 ਸਤੰਬਰ : ਬਰਨਾਲਾ ਸ਼ਹਿਰ ’ਚ ਚੋਰੀ ਤੇ ਲੁੱਟਾਂ ਦੀਆਂ ਘਟਨਾਵਾਂ ਦਿਨਪ੍ਰਤੀ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ, ਉੱਥੇ ਹੀ ਬਰਨਾਲਾ ਪੁਲਿਸ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ’ਚ ਨਜ਼ਰ ਆਉਂਦੀ ਜਾਪ ਰਹੀ ਹੈ। ਬਰਨਾਲਾ ਦੇ ਪੁਰਾਣਾ ਸਿਨੇਮਾ ਰੋਡ ਗੋਬਿੰਦ ਬਨਾਰਸੀ ਧਰਮਸ਼ਾਲਾ ਦੇ ਠੀਕ ਸਾਹਮਣੇ ਵਾਲੀ ਗਲੀ ’ਚ ਇਕ 70 ਸਾਲ ਦੀ ਬਜ਼ੁਰਗ ਮਹਿਲਾ ਕਾਂਤਾ ਦੇਵੀ ਪਤਨੀ ਪਵਨ ਕੁਮਾਰ ਦੀਆਂ ਸੋਨੇ ਦੀਆਂ ਵਾਲੀਆਂ ਇਕ ਲੁਟੇਰਾ ਝਪਟ ਮਾਰ ਕੇ ਫ਼ਰਾਰ ਹੋ ਗਿਆ। ਉੱਥੇ ਹੀ ਬੀਤੇ ਕੱਲ੍ਹ ਬਰਨਾਲਾ ਦੇ ਅਨਾਜ ਮੰਡੀ ਰੋਡ ’ਤੇ ਗਊਸ਼ਾਲਾ ਦੇ ਮੁਖੀ ਤੇ ਆੜ੍ਹਤੀਆਂ ਅਮਰਜੀਤ ਕਾਲਾਕੇ ਦੇ ਸੀਰ ਵਿਚ ਲੋਹੇ ਦੀ ਰਾਡ ਮਾਰ ਕੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਤੋਂ ਕੁਝ ਦਿਨ ਪਹਿਲਾਂ ਬਰਨਾਲਾ ਦੇ ਨਹਿਰੂ ਚੌਕ ਨੇੜੇ ਕਈ ਦੁਕਾਨਾਂ ਦੇ ਉੱਤੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਪਰ ਉੱਥੇ ਹੀ ਥਾਣਾ ਸਿਟੀ ਵਨ ਦੀ ਪੁਲਿਸ ਇਨ੍ਹਾਂ ਚੋਰਾਂ ਨੂੰ ਫੜਨ ਵਿਚ ਅਸਫਲ ਦਿਖਾਈ ਦੇ ਰਹੀ ਹੈ। ਬਰਨਾਲਾ ਸ਼ਹਿਰ ’ਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਲੋਕਾਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਹੀ ਪੁਲਿਸ ਦੀ ਕਾਰਗੁਜ਼ਾਰੀ ਲੋਕਾਂ ਦੇ ਸਵਾਲਾਂ ਦੇ ਘੇਰੇ ’ਚ ਨਜ਼ਰ ਆ ਰਹੀ ਹੈ।



