
ਲੁਧਿਆਣਾ ,16 ਸਤੰਬਰ : ਲੁਧਿਆਣਾ ਨਸ਼ੇ ਦੀ ਪੂਰਤੀ ਲਈ ਨਸ਼ੇੜੀਆਂ ਵੱਲੋਂ ਸੜਕਾਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਮਗਰੋਂ ਹੁਣ ਨਸ਼ੇੜੀ ਸ਼ਰੇਆਮ ਘਰਾਂ ਤੇ ਦੁਕਾਨਾਂ ’ਚ ਵੜ ਕੇ ਚੋਰੀ ਦੀਆਂ ਵਾਰਦਾਤਾਂ ਅੰਜਾਮ ਦੇਣ ’ਤੇ ਉਤਰ ਆਏ ਹਨ। ਅਜਿਹੀ ਹੀ ਇੱਕ ਵਾਰਦਾਤ ਡਾਬਾ ਇਲਾਕੇ ’ਚ ਹੋਈ, ਜਿੱਥੇ ਚਿੱਟੇ ਦਿਨ ਇੱਕ ਨਸ਼ੇੜੀ ਨੇ ਡਾਕਟਰ ਦੇ ਕਲੀਨਿਕ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਅੰਜਾਮ ਦਿੱਤੀ। ਚੋਰ ਡਾਕਟਰ ਦੇ ਗੱਲੇ ’ਚੋਂ ਸਰਿੰਜਾਂ ਤੇ 5 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਗਿਆ। ਚੋਰੀ ਦੀ ਇਹ ਸਾਰੀ ਵਾਰਦਾਤ ਕਲੀਨਿਕ ਅੰਦਰ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਜਿਸ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸਲ ’ਚ ਵਾਰਦਾਤ ਅੰਜਾਮ ਦੇਣ ਆਇਆ ਚੋਰ ਸਰਿੰਜਾਂ ਚੋਰੀ ਦੇ ਮਕਸਦ ਨਾਲ ਆਇਆ ਸੀ ਪਰ ਦਰਾਜ ਖੁੱਲ੍ਹਾ ਵੇਖ ਕੇ ਉਹ ਨਕਦੀ ਵੀ ਚੋਰੀ ਕਰ ਕੇ ਲੈ ਗਿਆ। ਵਾਰਦਾਤ ਥਾਣਾ ਡਾਬਾ ਤੋਂ ਚੰਦ ਕਦਮ ਦੂਰ ਆਦਰਸ਼ ਨਗਰ ਕਾਲੋਨੀ ਦੀ ਹੈ, ਜਿੱਥੇ ਆਪਣਾ ਇੱਕ ਕਲੀਨੀਕ ਚਲਾਉਣ ਵਾਲਾ ਡਾਕਟਰ ਦੁਪਹਿਰ ਵੇਲੇ ਕਰੀਬ ਢਾਈ ਵਜੇ ਰੋਟੀ ਖਾਣ ਲਈ ਆਪਣੇ ਘਰ ਗਿਆ ਸੀ। ਘਰ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਕਲੀਨਿਕ ਦਾ ਸ਼ਟਰ ਥੋੜ੍ਹਾ ਹੇਠਾਂ ਕੀਤਾ ਤੇ ਪਿਛਲੀ ਗਲੀ ’ਚ ਘਰ ਚਲਾ ਗਿਆ। ਥੋੜ੍ਹੀ ਦੇਰ ਬਾਅਦ ਡਾਕਟਰ ਵਾਪਸ ਆਇਆ ਤਾਂ ਉਸ ਨੇ ਆਪਣੇ ਗੱਲੇ ਦਾ ਦਰਾਜ ਖੁੱਲ੍ਹਾ ਦੇਖਿਆ। ਗੱਲੇ ਅੰਦਰ ਹੱਥ ਮਾਰਿਆ ਤਾਂ ਉਸ ਵੱਲੋਂ ਰੱਖੀ ਕਰੀਬ 5 ਹਜ਼ਾਰ ਰੁਪਏ ਨਕਦੀ ਗਾਇਬ ਸੀ। ਡਾਕਟਰ ਨੇ ਧਿਆਨ ਨਾਲ ਕਲੀਨਿਕ ਅੰਦਰ ਪਏ ਸਾਮਾਨ ’ਤੇ ਨਜ਼ਰ ਮਾਰੀ ਤਾਂ ਉਸ ਨੂੰ ਪਤਾ ਲੱਗਾ ਕਿ ਮਰੀਜ਼ਾਂ ਨੂੰ ਟੀਕਾ ਲਾਉਣ ਲਈ ਰੱਖੀਆਂ ਦਰਜਨ ਦੇ ਕਰੀਬ ਸਰਿੰਜਾਂ ਵੀ ਚੋਰੀ ਹੋ ਚੁੱਕੀਆਂ ਸਨ। ਉਸ ਨੇ ਜਦੋਂ ਕਲੀਨਿਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਦੇ ਜਾਣ ਤੋਂ ਕੁਝ ਸਮਾਂ ਬਾਅਦ ਹੀ ਇੱਕ ਨਸ਼ੇੜੀ ਲੱਗਣ ਵਾਲਾ ਚੋਰ ਅੰਦਰ ਵੜਿਆ ਤੇ ਗੱਲੇ ’ਚ ਪਈ ਨਕਦੀ ਤੇ ਸਰਿੰਜਾਂ ਚੋਰੀ ਕਰ ਕੇ ਲੈ ਗਿਆ। ਫੁਟੇਜ ਵੇਖ ਕੇ ਸਾਫ ਪਤਾ ਲੱਗਦਾ ਹੈ ਕਿ ਚੋਰ ਦੀ ਜ਼ਿਆਦਾ ਦਿਲਚਸਪੀ ਕਲੀਨਿਕ ’ਚ ਪਈਆਂ ਸਰਿੰਜਾਂ ਚੋਰੀ ਕਰਨ ਤੇ ਹੋਰ ਸਰਿੰਜਾਂ ਲੱਭਣ ’ਚ ਸੀ। ਜਦੋਂ ਉਸ ਨੇ ਡਾਕਟਰ ਦੇ ਟੇਬਲ ਦਾ ਦਰਾਜ ਖੁੱਲ੍ਹਾ ਵੇਖਿਆ ਤਾਂ ਉਸ ਨੇ ਨਕਦੀ ’ਤੇ ਵੀ ਹੱਥ ਸਾਫ ਕਰ ਦਿੱਤਾ। ਬਾਕਸ– ਚੋਰੀ ਵੇਲੇ ਕਲੀਨਿਕ ’ਚ ਮੌਜੂਦ ਸੀ ਮਰੀਜ਼ ਜਾਣਕਾਰੀ ਮੁਤਾਬਕ ਜਿਸ ਵੇਲੇ ਬਦਮਾਸ਼ ਨੇ ਕਲੀਨਿਕ ਅੰਦਰ ਵੜ ਕੇ ਸਰਿੰਜਾਂ ਤੇ ਨਕਦੀ ਚੋਰੀ ਕੀਤੀ ਉਸ ਵੇਲੇ ਕਲੀਨਿਕ ’ਚ ਇੱਕ ਮਰੀਜ਼ ਵੀ ਮੌਜੂਦ ਸੀ। ਡਾਕਟਰ ਨੇ ਮਰੀਜ਼ ਨੂੰ ਡਰਿੱਪ ਲਾਇਆ ਤੇ ਕੁਝ ਸਮੇਂ ਲਈ ਘਰ ਚੱਕਰ ਲਾਉਣ ਚਲਾ ਗਿਆ। ਕਲੀਨਿਕ ’ਚ ਬੈੱਡ ’ਤੇ ਪਏ ਇਸ ਮਰੀਜ਼ ਨੂੰ ਨੀਂਦ ਆ ਗਈ। ਉਧਰ ਡਾਕਟਰ ਦੇ ਘਰ ਜਾਣ ਦੀ ਇੰਤਜ਼ਾਰ ’ਚ ਮੌਕਾ ਲੱਗਦੇ ਹੀ ਨਸ਼ੇੜੀ ਕਲੀਨਿਕ ਅੰਦਰ ਵੜਿਆ ਤੇ ਬੜੀ ਸਫਾਈ ਨਾਲ ਆਪਣੇ ਨਸ਼ੇ ਦੇ ਇਸਤੇਮਾਲ ਲਈ ਸਰਿੰਜਾਂ ਤੇ ਨਕਦੀ ਚੋਰੀ ਕਰ ਕੇ ਨਿਕਲ ਗਿਆ। ਦੱਸਣਯੋਗ ਹੈ ਕਿ ਪੰਜਾਬ ’ਚ ਨਸ਼ੇੜੀਆਂ ਵੱਲੋਂ ਸਰਿੰਜਾਂ ਦੇ ਕੀਤੇ ਜਾਂਦੇ ਇਸਤੇਮਾਲ ’ਤੇ ਸਖਤ ਕਦਮ ਚੁੱਕਦੇ ਹੋਏ ਪ੍ਰਸ਼ਾਸਨ ਵੱਲੋਂ ਡਾਕਟਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਸਰਿੰਜਾਂ ਵੇਚਣ ’ਤੇ ਪਾਬੰਦੀ ਲਾਈ ਗਈ ਹੈ। ਸਰਿੰਜਾਂ ’ਤੇ ਲੱਗੀ ਪਾਬੰਦੀ ਕਾਰਨ ਨਸ਼ੇੜੀਆਂ ਨੂੰ ਨਸ਼ੇ ਦੇ ਟੀਕੇ ਲਾਉਣ ਲਈ ਸਰਿੰਜਾਂ ਹਾਸਲ ਕਰਨ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਹੈ ਤੇ ਅਜਿਹੇ ਨਸ਼ੇੜੀ ਸਰਿੰਜਾਂ ਨੂੰ ਕੀਮਤੀ ਸਾਮਾਨ ਦੀ ਤਰ੍ਹਾਂ ਸੰਭਾਲ ਰੱਖਦੇ ਹਨ। ਸ਼ਾਇਦ ਇਹੋ ਵਜ੍ਹਾ ਰਹੀ ਹੋਵੇਗੀ ਕਿ ਨਸ਼ੇੜੀ ਨੇ ਡਾਕਟਰ ਦੀ ਗੈਰ-ਹਾਜ਼ਰੀ ’ਚ ਸਰਿੰਜਾਂ ਚੋਰੀ ਕਰਨ ਲਈ ਇਹ ਵਾਰਦਾਤ ਅੰਜਾਮ ਦਿੱਤੀ ਤੇ ਜਾਂਦਾ ਹੋਇਆ ਦਰਾਜ ’ਚ ਪਈ ਨਕਦੀ ਵੀ ਲੈ ਗਿਆ।



