Punjab

ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ’ਚ ਰਾਹੁਲ ਗਾਂਧੀ ਨੂੰ ਕੀਤਾ ਸਨਮਾਨਤ

ਅੰਮ੍ਰਿਤਸਰ/ਰਮਦਾਸ, 16 ਸਤੰਬਰ : ਕੇਂਦਰ ਸਰਕਾਰ ਵਿਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਣ ਸਮੇਂ ਵਿਸ਼ੇਸ਼ ਤੌਰ ’ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਾਹੁਲ ਗਾਂਧੀ ਅਤੇ ਹੋਰਨਾਂ ਕਾਂਗਰਸੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਣ ਸਮੇਂ ਹੜ੍ਹ ਪੀੜਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਵਾਈ। ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਪੰਜਾਬ ਇੰਚਾਰਜ ਭੁਪੇਸ਼ ਬਘੇਲ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਸਿਰੋਪਾਓ ਦੇ ਕੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਗਲਿਆਰੇ ਵਿਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਹੋਈ ਇਸ ਵੱਡੀ ਕਾਰਵਾਈ ਕਾਰਨ ਹੱਥਾਂ-ਪੈਰਾਂ ਦੀ ਪੈ ਗਈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਨਤਮਸਤਕ ਹੋਣ ਸਮੇਂ ਹੜ੍ਹ ਪੀੜਤਾਂ ਦੀ ਚੜਦੀ ਕਲਾ ਲਈ ਅਰਦਾਸ ਕਰਵਾਉਣ ਰਾਹੁਲ ਗਾਂਧੀ, ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੁੱਚੀ ਰਿਪੋਰਟ ਇਕੱਤਰ ਕੀਤੀ ਜਾ ਰਹੀ ਹੈ। ਓਐੱਸਡੀ ਸਤਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਮੁਕੰਮਲ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਕਮੇਟੀ ਸਵੇਰੇ 8 ਵਜੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਜਾ ਕੇ ਸਾਰੇ ਮਾਮਲੇ ਦੀ ਰਿਪੋਰਟ ਤਿਆਰ ਕਰੇਗੀ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪਿੰਡ ਵਿਚ ਪੈਂਦੇ ਇਸ ਗੁਰਦੁਆਰਾ ਸਾਹਿਬ ਵਿਚ ਪ੍ਰਬੰਧਕਾਂ ਨੂੰ ਤਾਂ ਇਸ ਗੱਲ ਦੀ ਭੁੱਲ ਹੋ ਸਕਦੀ ਹੈ ਕਿ ਗਾਂਧੀ ਪਰਿਵਾਰ ਨੂੰ ਜੂਨ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਹਮਲੇ ਦੀ ਕਾਰਵਾਈ ਅਤੇ ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਿੱਖ ਨਸਲਕੁਸ਼ੀ ਦੇ ਦੋਸ਼ੀ ਮੰਨਦਿਆਂ ਕਿਸੇ ਵੀ ਤਰ੍ਹਾਂ ਦਾ ਸਨਮਾਨ ਨਹੀਂ ਦਿੱਤਾ ਜਾਂਦਾ। ਦੱਸਣਯੋਗ ਹੈ ਕਿ 22 ਸਾਲਾਂ ਤੋਂ ਵੱਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸੀਏ ਦੀ ਡਿਊਟੀ ਨਿਭਾਉਣ ਵਾਲੇ ਸਾਬਕਾ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਅਰਦਾਸ ਕੀਤੀ ਅਤੇ ਸਾਬਕਾ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਦੀ ਮੌਜੂਦਗੀ ਵਿਚ ਹੀ ਉਥੋਂ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਥਾਨ ਦੇ ਬਾਹਰਵਾਰ ਆਮ ਸੰਗਤਾਂ ਦੀ ਰੋਕ ਲਈ ਲਗਾਏ ਗਏ ਜੰਗਲੇ ਅੰਦਰ ਪ੍ਰਵੇਸ਼ ਕਰਵਾ ਕੇ ਰਾਹੁਲ ਗਾਂਧੀ, ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਕਾਂਗਰਸੀ ਆਗੂ ਸੱਚਰ ਨੇ ਸੱਦਿਆ ਸੀ ਅਰਦਾਸ ਲਈ : ਭਾਈ ਕੁਲਵਿੰਦਰ ਸਿੰਘ

ਸਾਬਾਕਾ ਅਰਦਾਸੀਆ ਭਾਈ ਕੁਲਵਿੰਦਰ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਵੱਲੋਂ ਉਨ੍ਹਾਂ ਨੂੰ ਸਰਬੱਤ ਦੇ ਭਲੇ ਅਤੇ ਹੜ੍ਹ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਸਬੰਧੀ ਅਰਦਾਸ ਲਈ ਸੱਦਿਆ ਸੀ। ਸੱਚਰ ਵੱਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਗਟ ਸਿੰਘ ਤੇ ਗ੍ਰੰਥੀ ਕੁਲਵਿੰਦਰ ਸਿੰਘ ਦੀ ਆਗਿਆ ਤੋਂ ਬਾਅਦ ਹੀ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਅਤੇ ਹੜ੍ਹ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ਸਬੰਧੀ ਅਤੇ ਕਾਂਗਰਸ ਪਾਰਟੀ ਤੇ ਸਮੂਹ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਲਈ ਅਰਦਾਸ ਕੀਤੀ ਸੀ। ਉਨ੍ਹਾਂ ਕਿਹਾ ਕਿ ਸਿਰੋਪਾਓ ਦੇਣ ਬਾਰੇ ਗ੍ਰੰਥੀ ਕੁਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮੈਨੇਜਰ ਪ੍ਰਗਟ ਸਿੰਘ ਨੇ ਸਿਰੋਪਾਓ ਦੇਣ ਲਈ ਕਿਹਾ ਹੈ, ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੀ, ਜਿਸ ਵਿਚ ਉਨ੍ਹਾਂ ਨੇ ਕੋਈ ਵੀ ਦਖਲ ਨਹੀਂ ਦਿੱਤਾ।

Related Articles

Leave a Reply

Your email address will not be published. Required fields are marked *

Back to top button