
ਸਮਾਣਾ, 13 ਸਤੰਬਰ : ਪਾਤੜਾਂ-ਸੰਗਰੂਰ ਸੜਕ ’ਤੇ ਟਰੱਕ ਯੂਨੀਅਨ ਨੇੜੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਨਾਲ ਇੱਕ ਨੌਜਵਾਨ, ਜੋ ਕਿ ਇੱਕ ਉਸਾਰੀ ਕੰਪਨੀ ਵਿੱਚ ਕੰਮ ਕਰਦਾ ਸੀ, ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਪਾਤੜਾਂ ਪੁਲਿਸ ਦੇ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੋਹਿਤ ਗਿਰੀ (24) ਦੇ ਭਰਾ ਸੂਰਜ ਗਿਰੀ ਪੁੱਤਰ ਜਸਬੀਰ ਗਿਰੀ ਵਾਸੀ ਪਿੰਡ ਭਾਖਰ ਜ਼ਿਲ੍ਹਾ ਬਾਗਪਤ ਉੱਤਰ ਪ੍ਰਦੇਸ਼ ਦੇ ਬਿਆਨ ਅਨੁਸਾਰ ਪਾਤੜਾਂ ਸ਼ਹਿਰ ਵਿੱਚ ਚੱਲ ਰਹੀ ਇਨਫਰਾ ਕੰਸਟ੍ਰਕਸ਼ਨ ਕੰਪਨੀ ਦੇ ਸੜਕ ਨਿਰਮਾਣ ਪ੍ਰਾਜੈਕਟ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਉਸ ਦਾ ਭਰਾ 11 ਸਤੰਬਰ ਦੀ ਰਾਤ 9 ਵਜੇ ਸੜਕ ’ਤੇ ਪੈਦਲ ਹੀ ਸ਼ਹਿਰ ਵੱਲ ਆ ਰਿਹਾ ਸੀ ਕਿ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਸਰਕਾਰੀ ਹਸਪਤਾਲ ਪਾਤੜਾਂ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਨੂੰ ਅਚਾਨਕ ਅਤੇ ਕੁਦਰਤੀ ਦੱਸਿਆ, ਜਿਸ ’ਤੇ ਪੁਲਿਸ ਨੇ ਭਾਰਤੀ ਨਿਆਇਕ ਸੰਹਿਤਾ ਦੀ ਧਾਰਾ 194 ਤਹਿਤ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।



