Punjab

ਹਲਕਾ ਵਿਧਾਇਕ ਕੁਲਜੀਤ ਰੰਧਾਵਾ ਨੇ ਪਟਵਾਰੀ ਦੇ ਦਫ਼ਤਰ ‘ਤੇ ਮਾਰਿਆ ਛਾਪਾ, ਪਟਵਾਰੀ ਗ਼ੈਰ-ਹਾਜ਼ਰ, ਦਫ਼ਤਰ ਸੀਲ

ਡੇਰਾਬੱਸੀ, 12 ਸਤੰਬਰ : ਸਥਾਨਕ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਸਥਿਤ ਚੋਪੜਾ ਟਾਵਰ ਦੀ ਬੇਸਮੈਂਟ ਵਿਚ ਪਟਵਾਰੀ ਦੇ ਦਫ਼ਤਰ ਤੇ ਅਚਾਨਕ ਛਾਪਾ ਮਾਰਿਆ, ਜਿਸ ਦੌਰਾਨ ਪਟਵਾਰੀ ਅਮਨਦੀਪ ਸਿੰਘ ਗ਼ੈਰ-ਹਾਜ਼ਰ ਪਾਏ ਗਏ। ਛਾਪੇਮਾਰੀ ਸਮੇਂ ਦਫ਼ਤਰ ਵਿਚ ਪਟਵਾਰੀ ਦੀ ਥਾਂ ਚਾਰ ਹੋਰ ਵਿਅਕਤੀ ਕੰਮ ਕਰ ਰਹੇ ਸਨ। ਜਦੋਂ ਹਲਕਾ ਵਿਧਾਇਕ ਰੰਧਾਵਾ ਦਫ਼ਤਰ ਪਹੁੰਚੇ, ਉਨ੍ਹਾਂ ਨੇ ਦੇਖਿਆ ਕਿ ਪਟਵਾਰੀ ਆਪਣੀ ਸੀਟ ਤੇ ਨਹੀਂ ਸੀ। ਉਨ੍ਹਾਂ ਨੇ ਤੁਰੰਤ ਤਹਿਸੀਲਦਾਰ ਸੁਮਿਤ ਸਿੰਘ ਢਿੱਲੋਂ ਨੂੰ ਮੌਕੇ ਤੇ ਬੁਲਾਇਆ। ਤਹਿਸੀਲਦਾਰ ਦੀ ਮੌਜੂਦਗੀ ਵਿਚ ਜਦੋਂ ਦਫ਼ਤਰ ਦੀ ਜਾਂਚ ਕੀਤੀ ਗਈ ਤਾਂ ਉੱਥੋਂ 5000 ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਇਹ ਨਕਦੀ ਕਿਸ ਕੰਮ ਲਈ ਰੱਖੀ ਗਈ ਸੀ, ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਦੱਸਣਯੋਗ ਹੈ ਕਿ ਪਟਵਾਰੀ ਦੇ ਦਫ਼ਤਰ ਵਿਚ ਕੰਮ ਕਰਦੇ ਚਾਰ ਵਿਅਕਤੀਆਂ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਆਪਣੇ ਨਾਲ ਲੈ ਗਏ। ਵਿਧਾਇਕ ਰੰਧਾਵਾ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਆਪਣੇ ਕੰਮ ਕਰਵਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਟਵਾਰੀ ਅਕਸਰ ਦਫ਼ਤਰ ਤੋਂ ਗੈਰ-ਹਾਜ਼ਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਕੰਮ ਸਮੇਂ ਸਿਰ ਨਹੀਂ ਹੁੰਦੇ। ਇਸ ਘਟਨਾ ਤੋਂ ਬਾਅਦ ਤਹਿਸੀਲਦਾਰ ਨੇ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਧਾਇਕ ਨੇ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button