ਸਤਲੁਜ ਦੇ ਨਾਲ ਲੱਗਦੇ ਖੇਤਾਂ ’ਚੋਂ ਪਾਣੀ ਘਟਿਆ ਪਰ ਮੁਸ਼ਕਲਾਂ ਵਧੀਆਂ
ਦਰਿਆ ’ਚੋਂ ਆਈਆਂ ਮਰੀਆਂ ਮੱਛੀਆਂ, ਖੇਤਾਂ ’ਚੋਂ ਆਉਣ ਲੱਗੀ ਬਦਬੂ

ਬਾਲ ਕਿਸ਼ਨ
ਫਿਰੋਜ਼ਪੁਰ, 12 ਸਤੰਬਰ : ਹਿੰਦ-ਪਾਕਿ ਕੌਮਾਂਤਰੀ ਸਰਹੱਦ ’ਤੇ ਦਰਿਆ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਨਿਊ ਰਾਜੋ ਕੀ ਗੱਟੀ ਅਤੇ ਟੇਂਡੀ ਵਾਲਾ ਆਦਿ ਦੇ ਖੇਤਾਂ ਵਿਚੋਂ ਹੜ੍ਹਾਂ ਦਾ ਪਾਣੀ ਤਾਂ ਹੁਣ ਘੱਟ ਹੋ ਗਿਆ ਹੈ ਪਰ ਹੁਣ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਖੇਤਾਂ ਵਿੱਚ ਖੜ੍ਹਾ ਗੰਦਾ ਪਾਣੀ ਤੇਜ਼ੀ ਨਾਲ ਸੜਨ ਲੱਗਾ ਹੈ, ਜਿਸ ਕਾਰਨ ਨਾ ਸਿਰਫ਼ ਮੱਛੀਆਂ ਮਰਨੀਆਂ ਸ਼ੁਰੂ ਹੋ ਗਈਆਂ ਹਨ, ਸਗੋਂ ਝੋਨੇ ਦੀਆਂ ਫਸਲਾਂ ਵਿਚੋਂ ਵੀ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਸਰਹੱਦੀ ਪਿੰਡ ਨਿਊ ਰਾਜੋ ਕੀ ਗੱਟੀ, ਟੇਂਡੀ ਵਾਲਾ ਅਤੇ ਕੁਝ ਹੋਰ ਪਿੰਡਾਂ ਵਿੱਚ ਮਰੀਆਂ ਹੋਈਆਂ ਮੱਛੀਆਂ ਖੇਤਾਂ ’ਚ ਪਈਆਂ ਮਿਲੀਆਂ ਹਨ। ਇਸ ਕਾਰਨ ਲੋਕਾਂ ਨੂੰ ਘਰਾਂ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਰੀਆਂ ਮੱਛੀਆਂ ਅਤੇ ਸੜਦੇ ਪਾਣੀ ਤੋਂ ਬਦਬੂ ਇਸ ਕਦਰ ਵਧ ਗਈ ਹੈ ਕਿ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਉਧਰ ਮਰੀਆਂ ਮੱਛੀਆਂ ਅਤੇ ਜਾਨਵਰਾਂ ਦੀ ਬਦਬੂ ਕਾਰਨ ਬਿਮਾਰੀਆਂ ਫੈਲਣ ਦੇ ਖ਼ਦਸ਼ੇ ਤੋਂ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਚਮੜੀ ਦੇ ਰੋਗਾਂ ਅਤੇ ਪਾਣੀ ਨਾਲ ਸਬੰਧਤ ਬਿਮਾਰੀਆਂ ਦੇ ਵਧਣ ਦਾ ਖ਼ਤਰਾ ਜਤਾਇਆ ਗਿਆ ਹੈ। ਇਨ੍ਹਾਂ ਪਿੰਡਾਂ ਵਿੱਚ ਪਹਿਲਾਂ ਹੀ ਚਮੜੀ ਖੁਜਲੀ ਅਤੇ ਐਲਰਜੀ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ ਖੇਤਾਂ ਵਿੱਚ ਖੜ੍ਹੇ ਪਾਣੀ ਕਾਰਨ ਸੱਪਾਂ ਦੇ ਡੰਗ ਮਾਰਨ ਦੇ ਕੇਸ ਵੀ ਦਰਜ ਕੀਤੇ ਗਏ ਹਨ, ਜਿਸ ਨਾਲ ਪਿੰਡ ਵਾਸੀਆਂ ਵਿੱਚ ਦਹਿਸ਼ਤ ਪੈਦਾ ਹੋ ਰਹੀ ਹੈ। ਸਮਾਜ ਸੇਵੀ ਜਥੇਬੰਦੀਆਂ ਅਤੇ ਸਿਹਤ ਅਧਿਕਾਰੀਆਂ ਨੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਪਾਣੀ ਨਾਲ ਸੰਪਰਕ ਤੋਂ ਬਚਣ, ਮੱਛਰਦਾਨੀਆਂ ਦੀ ਵਰਤੋਂ ਕਰਨ ਅਤੇ ਬੱਚਿਆਂ ਨੂੰ ਖੇਤਾਂ ਦੇ ਨੇੜੇ ਨਾ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।



