Punjab

ਹੜ੍ਹ ਨਾਲ ਫਸਲ ਹੋਈ ਬਰਬਾਦ, ਕਿਸਾਨ ਨੇ ਦੇਖੀ ਤਾਂ ਤੋੜ ਗਿਆ ਦਮ

ਪਰਿਵਾਰ ਨੇ ਕੀਤੀ ਸਰਕਾਰੀ ਸਹਾਇਤਾ ਦੀ ਮੰਗ

ਮੋਗਾ, 10 ਸਤੰਬਰ : ਹੜ੍ਹ ਦੇ ਪਾਣੀ ਨਾਲ ਕਿਸਾਨ ਦੀ ਫਸਲ ਪ੍ਰਭਾਵਿਤ ਹੋ ਗਈ ਤੇ ਜਦੋਂ ਪਾਣੀ ਉਤਰਨ ਤੋਂ ਬਆਦ ਕਿਸਾਨ ਨੇ ਖੇਤ ਜਾ ਕੇ ਦੇਖਿਆ ਤਾਂ ਫਸਲ ਬਿਲਕੁਲ ਤਬਾਹ ਹੋ ਚੁੱਕੀ ਸੀ। ਖ਼ਰਾਬ ਹੋਈ ਫਸਲ ਦਾ ਦੁੱਖ ਕਿਸਾਨ ਝੱਲ ਨਾ ਸਕਿਆ ਤੇ ਘਰ ਆ ਕੇ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਤਹਿਸੀਲ ਧਰਮਕੋਟ ਦੇ ਪਿੰਡ ਸੈਦ ਜਲਾਲਪੁਰ ਦੇ ਕਿਸਾਨ ਖੁਸ਼ਹਾਲ ਸਿੰਘ ਦਾ ਸਾਰਾ ਘਰ ਪਾਣੀ ਦੀ ਲਪੇਟ ਵਿਚ ਆ ਗਿਆ ਸੀ, ਇੱਥੋਂ ਤੱਕ ਉਸਦੇ ਪਸ਼ੂ ਵੀ ਰੁੜ੍ਹ ਗਏ ਸਨ ਤੇ ਘਰ ਦੇ ਕਈ ਕਮਰੇ ਡਿੱਗ ਗਏ ਸਨ, ਹੁਣ ਸਿਰਫ ਦੋ ਪੁਰਾਣੇ ਕਮਰੇ ਹੀ ਬਚੇ ਸਨ ਪਰ ਉਨ੍ਹਾਂ ਵਿਚ ਵੀ ਪਾਣੀ ਭਰ ਗਿਆ ਸੀ। ਦੋ ਦਿਨ ਪਹਿਲਾਂ ਹੀ ਪਾਣੀ ਘਰ ਤੋਂ ਥੱਲੇ ਉਤਰਿਆ ਸੀ ਜਿਸ ਤੋਂ ਬਾਅਦ ਪਰਿਵਾਰ ਘਰ ਦੀ ਸਫਾਈ ਕਰ ਰਿਹਾ ਸੀ। ਖੁਸ਼ਹਾਲ ਸਿੰਘ ਨੇ ਘਰ ਦੀ ਸਫਾਈ ਕਰਨ ਤੋਂ ਬਾਅਦ ਆਪਣੇ ਖੇਤ ਦੇਖਣ ਗਿਆ ਤਾਂ ਖੇਤਾਂ ਵਿਚ ਜਾ ਕੇ ਜਦੋਂ ਉਸਨੇ ਆਪਣੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਦੇਖੀ ਤਾਂ ਉਸਦੇ ਹੋਸ਼ ਉੱਡ ਗਏ। ਘਰ ਵਾਪਸ ਆ ਕੇ ਉਹ ਲੰਬੇ ਲੰਬੇ ਸਾਹ ਲੈਣ ਲੱਗਾ ਤੇ ਵਾਰ ਵਾਰ ਇਹੀ ਕਹਿੰਦਾ ਰਿਹਾ ‘ਮੇਰੀ ਫਸਲ ਬਰਬਾਦ ਹੋ ਗਈ… ਮੇਰੀ ਫਸਲ ਬਰਬਾਦ ਹੋ ਗਈ।’ ਇਹ ਕਹਿੰਦੇ ਹੋਏ ਜ਼ਮੀਨ ‘ਤੇ ਡਿੱਗ ਪਿਆ ਤੇ ਦਮ ਤੋੜ ਦਿੱਤਾ। ਕਿਸਾਨ ਦੇ ਪਿੱਛੇ ਦੋ ਬੇਟੇ ਹਨ ਜੋ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਪਰਿਵਾਰ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਮੁੜ ਤੋਂ ਲੀਹੋਂ ਲੱਥੀ ਜ਼ਿੰਦਗੀ ’ਤੇ ਆ ਸਕਣ।

Related Articles

Leave a Reply

Your email address will not be published. Required fields are marked *

Back to top button