
ਬਾਲ ਕਿਸ਼ਨ
ਫ਼ਿਰੋਜ਼ਪੁਰ, 28 ਅਗਸਤ : ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਹੜ੍ਹ ਆਉਣ ਕਰਕੇ ਉਥੋਂ ਦੇ ਵਸਨੀਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਔਖੀ ਘੜੀ ਵਿਚ ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਸਿਹਤ ਸੰਭਾਲ ਲਈ ਹਰ ਪੱਖੀ ਮਦਦ ਕੀਤੀ ਜਾ ਰਹੀ ਹੈ। ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫ਼ਸਲ ਬਰਬਾਦ ਹੋਣ ਕਰਕੇ ਆਰਥਿਕ ਪੱਖੋਂ ਵੀ ਹੋਲੇ ਹੋ ਗਏ ਹਨ। ਇਸ ਔਖੀ ਘੜੀ ਵਿਚ ਸਿਹਤ ਵਿਭਾਗ ਵੱਲੋਂ ਸਪੈਸ਼ਲ ਮੈਡੀਕਲ ਕੈਂਪਾਂ ਰਾਹੀਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨੇ ਪਰਿਵਾਰਾਂ ਨੂੰ ਹੌਂਸਲਾ ਦਿੱਤਾ ਹੈ। ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀ ਇਨ੍ਹਾਂ ਪਰਿਵਾਰਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਇਸ ਮੁਸ਼ਕਲ ਘੜੀ ਵਿਚ ਸਮੇਂ ਦਾ ਹਾਣੀ ਬਣੇ ਹੋਏ ਹਨ। ਡਾ. ਰਾਜੂ ਚੌਹਾਨ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋ ਸਿਹਤ ਵਿਭਾਗ ਨੂੰ ਹੜ੍ਹ ਪੀੜਤਾਂ ਲਈ ਹਰ ਸੰਭਵ ਮੱਦਦ ਦੇਣ ਦੇ ਹੁਕਮਾਂ ਹੇਠ ਅੱਜ ਸਿਹਤ ਪੱਖੋਂ ਕਈ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੜ ਪੀੜਤਾਂ ਨੂੰ ਬਾਹਰ ਕੱਢ ਸੁਰੱਖਿਅਤ ਸਿਹਤ ਕੇਂਦਰ ਵਿਚ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਤੇ ਮਰੀਜ਼ਾਂ ਦੀ ਸਥਿਤੀ ਬਿਲਕੁਲ ਸਥਿਰ ਹੈ। ਉਨ੍ਹਾਂ ਦਸਿਆ ਕਿ ਹੁਣ ਤੱਕ ਵੱਖ-ਵੱਖ ਮੈਡੀਕਲ ਕੈਂਪਾਂ ਤੋਂ ਪੀੜਤਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ। ਉਨ੍ਹਾ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਅਤੇ ਮਰੀਜ਼ਾਂ ਦੀ ਸਥਿਤੀ ਬਿਲਕੁਲ ਸਥਿਰ ਹੈ। ਡਾ. ਰੇਖਾ ਭੱਟੀ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਜੇਕਰ ਕੋਈ ਵੀ ਗਰਭਵਤੀ ਮਹਿਲਾ ਹਸਪਤਾਲ ਵਿਚ ਆ ਕੇ ਰਹਿਣਾ ਚਾਹੇ ਤਾਂ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਅਤੇ ਖਾਣ ਪੀਣ ਦਾ ਧਿਆਨ ਰੱਖਣ ਦੇ ਨਾਲ ਨਾਲ ਪੂਰੀ ਸਿਹਤ ਸਹੂਲਤ ਦੇਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੈਡੀਕਲ ਕੈਂਪਾਂ ਰਾਹੀਂ ਹੜ ਪੀੜਤਾਂ ਨੂੰ ਲਗਾਤਾਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਬਲਾਕ ਐਜੂਕੇਟਰ ਅਮਨ ਕੰਬੋਜ਼ ਅਤੇ ਐੱਸਆਈ ਅਮਰਜੀਤ ਨੇ ਲੋਕਾਂ ਨੂੰ ਸਾਫ਼ ਪਾਣੀ ਪੀਣ ਦੀ ਸਲਾਹ ਦਿੰਦਿਆਂ ਕਿਹਾ ਕਿ ਪਾਣੀ ਨੂੰ ਉਬਾਲ ਕੇ ਹੀ ਪੀਣ, ਤਾਂ ਜੋ ਹੈਜ਼ਾ, ਟਾਈਫਾਈਡ ਵਰਗੀਆਂ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਨਾਲ ਹੀ ਮੈਡੀਕਲ ਟੀਮ ਨੇ ਪਰਿਵਾਰਾਂ ਵਿੱਚ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ, ਤਾਂ ਜੋ ਪਾਣੀ ਨੂੰ ਸ਼ੁੱਧ ਕੀਤਾ ਜਾ ਸਕੇ। ਹੜ ਪੀੜਤਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਮੱਦਦ ਨਾਲ, ਸਹਾਇਤਾ ਆਉਣੀ ਸ਼ੁਰੂ ਹੋ ਗਈ।



