ਗੈਰ ਹਾਜ਼ਰ ਹੋ ਕੇ ਅਧਿਆਪਕ ਬਣਿਆ ਪ੍ਰਾਪਰਟੀ ਡੀਲਰ
ਜ਼ਬਰੀ ਕੀਤਾ ਸੇਵਾਮੁਕਤ, ਲੰਬੇ ਸਮਾਂ ਗੈਰ ਹਾਜ਼ਰ ਚੱਲਣ ਵਾਲੇ ਬਾਕੀ ਅਧਿਆਪਕਾਂ 'ਤੇ ਵੀ ਡਿੱਗੀ ਗਾਜ਼

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 27 ਅਗਸਤ : ਸਿੱਖਿਆ ਵਿਭਾਗ ਨੇ ਲੰਬਾਂ ਸਮਾਂ ਗੈਰ ਹਾਜ਼ਰ ਰਹਿਣ ਵਾਲੇ ਕਰੀਬ ਇਕ ਹਜ਼ਾਰ ਅਧਿਆਪਕਾਂ ਨੂੰ ਘਰ ਤੋਰ ਦਿੱਤਾ ਹੈ। ਇਹਨਾਂ ਵਿਚ ਜ਼ਿਆਦਾਤਰ ਉਹ ਅਧਿਆਪਕ ਸਨ, ਜਿਹੜੇ ਵਿਦੇਸ਼ਾਂ ਵਿਚ ਗਏ ਹੋਏ ਸਨ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਾਹਮਣੇ ਇਕ ਦਿਲਚਸਪ ਕਿੱਸਾ ਸਾਹਮਣੇ ਆਇਆ ਹੈ ਕਿ ਇਕ ਅਧਿਆਪਕ ਸਕੂਲ ਤੋਂ ਗੈਰਹਾਜ਼ਰ ਹੋ ਗਿਆ ਅਤੇ ਕਰੀਬ ਇਕ ਸਾਲ ਤੱਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਰਿਹਾ। ਜਦੋਂ ਅਧਿਆਪਕ ਨੇ ਮੁੜ ਜੁਆਇਨਿੰਗ ( ਹਾਜ਼ਰ ਹੋਣ) ਲਈ ਵਿਭਾਗ ਦੇ ਉਚ ਅਧਿਕਾਰੀਆਂ ਕੋਲ੍ਹ ਪਹੁੰਚ ਕੀਤੀ ਤਾਂ ਲੰਬਾਂ ਸਮਾਂ ਗੈਰਹਾਜ਼ਰ ਰਹਿਣ ਦਾ ਕਾਰਨ ਪੁੱਛਣ ਤੇ ਦੱਸਿਆ ਕਿ ਉਹ ਲੁਧਿਆਣਾ ਵਿਖੇ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਲੱਗ ਪਿਆ ਸੀ। ਅਧਿਆਪਕ ਨੇ ਆਪਣੇ ਜਵਾਬ ਵਿਚ ਦੱਸਿਆ ਕਿ ਕੰਮ ਹੀ ਐਨਾਂ ਚੱਲ ਪਿਆ ਕਿ ਉਸਦਾ ਵਾਪਸ ਆਉਣ ਨੂੰ ਦਿਲ ਨਹੀਂ ਕੀਤਾ। ਉਚ ਅਧਿਕਾਰੀ ਨੇ ਸਬੰਧਤ ਅਧਿਆਪਕ ਨੂੰ ਜੁਆਇਨਿੰਗ ਕਰਵਾਉਣ ਤੋਂ ਸਖ਼ਤ ਮਨ੍ਹਾ ਕਰਦਿਆਂ ਕਿਹਾ ਕਿ ਹੁਣ ਤੁਸੀਂ ਪ੍ਰਾਪਰਟੀ ਡੀਲਰ ਦਾ ਕੰਮ ਹੀ ਕਰੋ। ਇਸ ਤਰਾਂ ਉਸਦੀ ਲੰਬੀ ਗੈਰਹਾਜ਼ਰੀ ਨੂੰ ਉਸਦਾ ਅਸਤੀਫ਼ਾ ਮੰਨਦੇ ਹੋਏ ਘਰ ਤੋਰ ਦਿੱਤਾ। ਸਿੱਖਿਆ ਵਿਭਾਗ ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵਿਭਾਗ ਨੇ ਵੱਖ ਵੱਖ ਕੇਡਰ ਦੇ ਕਰੀਬ ਇਕ ਹਜ਼ਾਰ ਅਧਿਆਪਕਾਂ ਨੂੰ ਘਰ ਤੋਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲੰਬਾਂ ਸਮਾਂ ਗੈਰ ਹਾਜ਼ਰ ਰਹਿਣ ਵਾਲੇ ਜ਼ਿਆਦਾਤਰ ਅਧਿਆਪਕ ਉਹ ਹਨ, ਜਿਹਨਾਂ ਨੇ ਕੈਨੇਡਾ, ਅਸਟਰੇਲੀਆਂ ਜਾਂ ਹੋਰ ਦੇਸ਼ਾਂ ਦੀ ਪੀ.ਆਰ ਲੈ ਲਈ ਹੈ, ਜਾਂ ਜਿਹੜੇ ਵਿਦੇਸ਼ਾਂ ਵਿਚ ਆਪਣੇ ਬੱਚਿਆ, ਰਿਸ਼ਤੇਦਾਰਾਂ ਕੋਲ੍ਹ ਜਾਂਦੇ ਹਨ, ਪਰ ਉਥੇ ਦੀ ਚਕਾਚੌਧ ਵਾਲੀ ਦੁਨੀਆਂ ਦੇਖਕੇ ਵਤਨ ਵਾਪਸ ਨਹੀਂ ਪਰਤਦੇ। ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਅਧਿਆਪਕ ਜਾਂ ਮੁਲਾਜ਼ਮ ਉਦੋਂ ਵਾਪਸ ਪਰਤਦੇ ਹਨ, ਜਦੋਂ ਉਹਨਾਂ ਦੀ ਪੈਨਸ਼ਨ ਲੱਗਣ ਵਾਲੀ ਸ਼ਰਤ ਜਾਂ ਸਰਵਿਸ ਦਾ ਸਮਾਂ ਪੂਰਾ ਹੁੰਦਾ ਹੈ। ਸਿੱਖਿਆ ਵਿਭਾਗ ਪਹਿਲਾਂ ਹੀ ਅਧਿਆਪਕਾਂ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਤਰ੍ਹਾਂ ਵਿਭਾਗ ਨੇ ਲੰਬਾਂ ਸਮਾਂ ਗੈਰ ਹਾਜ਼ਰ ਰਹਿਣ ਵਾਲੇ ਅਧਿਆਪਕਾਂ ਖਿਲਾਫ਼ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਉਹਨ੍ਹਾਂ ਦੀ ਗੈਰਹਾਜ਼ਰੀ ਨੂੰ ਅਸਤੀਫ਼ਾ ਮੰਨਦੇ ਹੋਏ ਘਰ ਭੇਜ ਦਿੱਤਾ। ਯਾਨੀ ਇਕ ਤਰ੍ਹਾਂ ਨਾਲ ਜ਼ਬਰੀ ਸੇਵਾਮੁਕਤ ਕਰ ਦਿੱਤਾ ਹੈ।
ਹੁਣ ਸਿਰਫ਼ ਟੂਰਿਸ਼ਟ ਵੀਜ਼ਾ ਲੱਗਣ ’ਤੇ ਹੀ ਮਿਲਦੀ ਹੈ ਛੁੱਟੀ
ਛੁੱਟੀ ਲੈ ਕੇ ਵਿਦੇਸ਼ ਜਾਣ ਵਾਲੇ ਅਧਿਆਪਕਾਂ ਦੇ ਵਾਪਸ ਦੇਸ਼ ਨਾ ਪਰਤਣ ਦੀ ਰਵੱਈਏ ਨੂੰ ਦੇਖਦੇ ਹੋਏ ਹੁਣ ਸਿੱਖਿਆ ਵਿਭਾਗ ਸਿਰਫ਼ ਉਹਨ੍ਹਾਂ ਅਧਿਆਪਕਾਂ ਦੀ ਹੀ ਐਕਸ਼ ਇੰਡੀਆਂ ਲੀਵ (ਵਿਦੇਸ਼ ਜਾਣ ਦੀ ਛੁੱਟੀ) ਮਨਜ਼ੂਰ ਕਰਦਾ ਹੈ, ਜਿਹਨਾਂ ਕੋਲ੍ਹ ਵਿਦੇਸ਼ ਜਾਣ ਲਈ ਸਿਰਫ਼ ਟੂਰਿਸਟ ਪਰਮਿਟ ਹੁੰਦਾ ਹੈ । ਜਿਹੜੇ ਅਧਿਆਪਕਾਂ ਜਾਂ ਮੁਲਾਜ਼ਮਾਂ ਕੋਲ੍ਹ ਪੀ.ਆਰ ਹੈ ਉਹਨਾਂ ਦੀ ਐਕਸ ਇੰਡੀਆਂ ਲੀਵ ਮਨਜ਼ੂਰ ਨਹੀਂ ਕੀਤੀ ਜਾਂਦੀ।



