
ਧੂਰੀ/ਸੰਗਰੂਰ, 26 ਅਗਸਤ : ਸ਼ੇਰਪੁਰ ਚੌਕ ਧੂਰੀ ਵਿਚ ਇਕ ਘਰ ’ਚ ਘਰੇਲੂ ਗੈਸ ਸਿਲੰਡਰ ’ਚ ਅੱਗ ਲੱਗ ਗਈ। ਇਸ ਕਾਰਨ ਘਰ ਵਿਚ ਸੌ ਰਹੇ ਦੋ ਬੱਚੇ ਤੇ ਇਕ ਔਰਤ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਪਰਿਵਾਰ ਦੇ ਮੁਖੀਆ ਨੂੰ ਵੀ ਅੱਗ ਦੀ ਲਪਟਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਇਸ ਘਟਨਾ ਦਾ ਸ਼ਿਕਾਰ ਹੋ ਗਿਆ। ਹਾਲਾਂਕਿ, ਪਰਿਵਾਰ ਦੇ ਸਾਰੇ ਮੈਂਬਰ ਇਸ ਸਮੇਂ ਖ਼ਤਰੇ ਤੋਂ ਬਾਹਰ ਹਨ, ਪਰ ਅੱਗ ਨੇ ਪਰਿਵਾਰ ਨੂੰ ਕਾਫੀ ਆਰਥਿਕ ਨੁਕਸਾਨ ਪਹੁੰਚਾਇਆ ਹੈ। ਪਰਿਵਾਰ ਦੇ ਮੁਖੀਆ ਸੁਖਦੀਪ ਸਿੰਘ ਸੁਖੀ ਨੇ ਦੱਸਿਆ ਕਿ ਸ਼ਨਿਵਾਰ-ਐਤਵਾਰ ਦੀ ਰਾਤ 2:30 ਵਜੇ ਜਦੋਂ ਸਾਡਾ ਪੂਰਾ ਪਰਿਵਾਰ ਸੌ ਰਿਹਾ ਸੀ, ਤਦ ਅਚਾਨਕ ਰਸੋਈ ਵਿਚ ਰੱਖੇ ਗੈਸ ਸਿਲੰਡਰ ’ਚ ਅੱਗ ਲੱਗ ਗਈ। ਜਦੋਂ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਲੌਬੀ ਦੇ ਰਸਤੇ ਛੱਤ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਤਾਂ ਲੌਬੀ ਵਿਚ ਫੈਲੀ ਅੱਗ ਨੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਵਿਚ ਉਸਦੀ ਪਤਨੀ ਤੇ ਦੋ ਛੋਟੇ ਬੱਚੇ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਆ ਗਏ ਤੇ ਇਸ ਘਟਨਾ ਵਿਚ ਅੱਗ ਦੀ ਲਪਟਾਂ ਕਾਰਨ ਹੱਥਾਂ ’ਚ ਛਾਲੇ ਪੈ ਗਏ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਆਪਣੇ ਪਰਿਵਾਰ ਦਾ ਇਲਾਜ ਕਰਵਾ ਰਹੇ ਸੁਖਦੀਪ ਸਿੰਘ ਨੇ ਦੱਸਿਆ ਕਿ ਉਹਦਾ ਵਪਾਰ ਮਿਹਨਤ-ਮਜ਼ਦੂਰੀ ਵਾਲਾ ਹੈ ਅਤੇ ਇਸ ਦੁਖਦਾਈ ਘਟਨਾ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਪਰਿਵਾਰ ਦੇ ਇਲਾਜ ਤੇ ਵੀ ਉਨ੍ਹਾਂ ਦਾ ਕਾਫੀ ਪੈਸਾ ਖਰਚ ਹੋ ਰਿਹਾ ਹੈ। ਆਪ ਦੇ ਆਗੂ ਸਤਿੰਦਰ ਸਿੰਘ ਚਟਠਾ, ਟਕਸਾਲੀ ਕਾਂਗਰਸ ਦੇ ਆਗੂ ਹੰਸ ਰਾਜ ਗੁਪਤਾ, ਯੂਥ ਕਾਂਗਰਸ ਦੇ ਆਗੂ ਸ਼ੁਭਮ ਸ਼ਰਮਾ ਤੇ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਬਾਠ ਨੇ ਪਰਿਵਾਰ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।



