Punjab

ਮੋਰ ਸੁਪਰ ਮਾਰਕੀਟ ’ਚ ਲੱਗੀ ਭਿਆਨਕ ਅੱਗ ਜਾਨੀ ਨੁਕਸਾਨ ਤੋਂ ਬਚਾਅ

ਮੋਰਿੰਡਾ, 26 ਅਗਸਤ : ਮੋਰਿੰਡਾ ਦੇ ਕਾਈਨੌਰ ਚੌਕ ਨੇੜੇ ਸਥਿਤ ਰਿਹਾਇਸ਼ੀ ਅਤੇ ਵਪਾਰਕ ਇਲਾਕੇ ‘ਚ ਮੰਗਲਵਾਰ ਨੂੰ ਸਵੇਰੇ ਤੜਕੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਸਥਿਤ ਮੋਰ ਸੁਪਰ ਮਾਰਕੀਟ ਦੇ ਮਾਲ ਵਿਚ ਅੱਗ ਲੱਗ ਗਈ ਅਤੇ ਜ਼ਹਿਰੀਲਾ ਧੂੰਆਂ ਆਲੇ ਦੁਆਲੇ ਫੈਲ ਗਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਅਤੇ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਘਟਨਾ ਨਾਲ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋ ਬਚਾਅ ਰਿਹਾ। ਜਦਕਿ ਅੱਗ ਨੇ ਕੁਝ ਮਿੰਟਾਂ ’ਚ ਹੀ ਦੁਕਾਨ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਆਸਪਾਸ ਦੇ ਲੋਕਾਂ ਵੱਲੋਂ ਇਸ ਮਾਲ ਵਿਚ ਪਏ ਸਾਮਾਨ ਨੂੰ ਲੱਗੀ ਅੱਗ ਕਾਰਨ ਨਿਕਲ ਰਹੇ ਧੂੰਏ ਨੂੰ ਵੇਖ ਕੇ ਮਾਲ ਦੇ ਪ੍ਰਬੰਧਕਾਂ ਨੂੰ ਸੂਚਿਤ ਕਰਕੇ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮਾਲ ਦੇ ਬਿਲਕੁਲ ਨਾਲ ਲੱਗਦੀ ਬਿਲਡਿੰਗ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਹਲਕਾ ਖਰੜ ਦੇ ਇੰਚਾਰਜ ਵਿਜੇ ਕੁਮਾਰ ਟਿੰਕੂ ਦੇ ਦਫਤਰ ਵਿਚ ਸੁੱਤੇ ਕਰਮਚਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਮਾਲ ਅੰਦਰ ਰੱਖੇ ਸਮਾਨ ਵਿੱਚੋ ਨਿਕਲ ਰਹੀ ਦੁਰਗੰਧ ਕਾਰਨ ਜਦੋਂ ਉੱਠ ਕੇ ਬਾਹਰ ਵੇਖਿਆ ਤਾਂ ਮਾਲ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਅਤੇ ਅੱਗ ਬਹੁਤ ਤੇਜੀ ਨਾਲ ਵੱਧ ਰਹੀ ਸੀ, ਤਾਂ ਉਸ ਨੇ ਜਿੱਥੇ ਵਿਜੇ ਸ਼ਰਮਾ ਟਿੰਕੂ ਨੂੰ ਫੋਨ ’ਤੇ ਸੂਚਿਤ ਕੀਤਾ, ਉੱਥੇ ਹੀ ਮਾਲ ਦੇ ਕਰਮਚਾਰੀਆ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਢਾਈ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਬੁਝਾਈ ਗਈ, ਪਰੰਤੂ ਉਦੋਂ ਤੱਕ ਕਾਫੀ ਸਾਮਾਨ ਸੜ ਚੁੱਕਾ ਸੀ। ਮੋਰ ਸੁਪਰਮਾਰਕੀਟ ਦੇ ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਹੋਏ ਨੁਕਸਾਨ ਦਾ ਵੇਰਵਾ ਅੱਗ ਪੂਰੀ ਤਰ੍ਹਾਂ ਬੁੱਝਣ ਉਪਰੰਤ ਕਰਮਚਾਰੀਆਂ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਹੀ ਲਗਾਇਆ ਜਾ ਸਕੇਗਾ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਮਾਲ ਵਿਚ ਅੱਗ ਬੁਝਾਉਣ ਵਾਲੇ ਸਿਲੰਡਰ ਅਤੇ ਅੱਗ ਲੱਗਣ ਦੀ ਸੂਰਤ ਵਿਚ ਫਾਇਰ ਅਲਾਰਮ ਸੈਂਸਰ ਆਦਿ ਸਭ ਲੱਗੇ ਹੋਏ ਸਨ ਪਰੰਤੂ ਬਿਜਲੀ ਸਪਲਾਈ ਬੰਦ ਹੋਣ ਕਾਰਨ ਇਹ ਸੈਂਸਰ ਚਲ ਨਹੀਂ ਸਕੇ। ਸਿਟੀ ਦੇ ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਡੀਡੀਆਰ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਕੇ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button