
ਲੁਧਿਆਣਾ, 24 ਅਗਸਤ : ਦਰਦਨਾਕ ਹਾਦਸੇ ਦੇ ਦੌਰਾਨ ਪੀਆਰਟੀਸੀ ਦੀ ਬੱਸ ਹੇਠਾਂ ਆਉਣ ਕਾਰਨ ਇੱਕ 28 ਸਾਲਾ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਪਰਿਵਾਰ ਤੇ ਰਿਸ਼ਤੇਦਾਰਾਂ ’ਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ, ਜੋ ਕਿ ਪਿੰਡ ਭੰਡੇਰਾਂ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੇ ਭਰਾ ਲਖਵੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਸ ਦੀ ਭੈਣ 21 ਅਗਸਤ ਦੀ ਸ਼ਾਮ ਕਰੀਬ 5.30 ਵਜੇ ਪੈਦਲ ਘਰ ਵੱਲ ਆ ਰਹੀ ਸੀ, ਜਦੋਂ ਉਹ ਗੁਰੂ ਨਾਨਕ ਮਾਡਲ ਟਾਊਨ ਰੋਡ ਦੇ ਨੇੜੇ ਪੁੱਜੀ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ (ਨੰਬਰ ਪੀਬੀ13-ਬੀਯੂ-4402) ਨੇ ਉਸ ਨੂੰ ਟੱਕਰ ਮਾਰ ਦਿੱਤੀ। ਬੱਸ ਦੀ ਟੱਕਰ ਇੰਨੀ ਭਿਆਨਕ ਸੀ ਕਿ ਕੁੜੀ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਮੌਕੇ ’ਤੇ ਹੀ ਡਿੱਗ ਪਈ। ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਨਾਲ ਵਾਪਰਿਆ ਹੈ। ਪੁਲਿਸ ਨੇ ਬੱਸ ਕਬਜ਼ੇ ’ਚ ਲੈ ਕੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਆਈਲੈਟਸ ਸੈਂਟਰ ’ਚ ਕੰਮ ਕਰਦੀ ਸੀ ਤੇ ਉਹ ਕੰਮ ਤੋਂ ਘਰ ਵਾਪਸ ਆ ਰਹੀ ਸੀ ਪਰ ਬੱਸ ਚਾਲਕ ਦੀ ਲਾਪਰਵਾਹੀ ਦੇ ਚੱਲਦੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਨਿਆਂ ਦੀ ਮੰਗ ਕੀਤੀ ਹੈ। ਉਧਰੋਂ ਇਸ ਮਾਮਲੇ ’ਚ ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ।



