
ਬਠਿੰਡਾ, 23 ਅਗਸਤ : ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ 12 ਬੋਰ ਦਾ ਦੇਸੀ ਕੱਟਾ ਤੇ ਕਾਰਤੂਸ ਵੀ ਬਰਾਮਦ ਕੀਤਾ ਗਿਆ ਹੈ। ਦੋਵਾਂ ਖ਼ਿਲਾਫ਼ ਥਾਣਾ ਨੇਹੀਆਂਵਾਲਾ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਗੋਨਿਆਣਾ ਖੁਰਦ ਤੇ ਲਖਵੀਰ ਸਿੰਘ ਉਰਫ ਲਖੀਰੋ ਵਾਸੀ ਕੋਠੇ ਨੱਥਾ ਸਿੰਘ ਵਾਲਾ ਵਜੋਂ ਹੋਈ ਹੈ। ਉਕਤ ਨੌਜਵਾਨ ਮਜ਼ਦੂਰ ਹਨ। ਇਸ ਸਬੰਧੀ ਸਥਾਨਕ ਸੈਕਟ੍ਰੀਏਟ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਭੁੱਚੋ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਲੰਘੀ 18 ਅਗਸਤ ਨੂੰ ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗੋਨਿਆਣਾ ਮੰਡੀ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਜਸਪ੍ਰੀਤ ਸਿੰਘ ਉਰਫ ਜੱਸਾ ਨੇ ਸੋਸ਼ਲ ਮੀਡੀਆ ‘ਤੇ ਅਸਲੇ ਨਾਲ ਫਾਇਰਿੰਗ ਦੀ ਵੀਡੀਓ ਪਾਈ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ 18 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਅਧਿਕਾਰੀ ਅਨੁਸਾਰ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ’ਚ ਜਸਪ੍ਰੀਤ ਨੇ ਦੱਸਿਆ ਕਿ ਜਿਸ ਹਥਿਆਰ ਨਾਲ ਉਸ ਨੇ ਫਾਇਰਿੰਗ ਕੀਤੀ ਸੀ, ਉਹ ਲਖਵੀਰ ਸਿੰਘ ਉਰਫ ਲਖੀਰੋ ਦਾ ਸੀ। ਇਸੇ ਆਧਾਰ ‘ਤੇ ਲਖਵੀਰ ਸਿੰਘ ਨੂੰ 20 ਅਗਸਤ ਨੂੰ ਕੇਸ ’ਚ ਨਾਮਜ਼ਦ ਕੀਤਾ ਗਿਆ ਤੇ 21 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਲਖਵੀਰ ਸਿੰਘ ਕੋਲੋਂ ਇਕ ਨਾਜਾਇਜ਼ ਦੇਸੀ ਕੱਟਾ 12 ਬੋਰ ਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਤੇ ਨਾਜਾਇਜ਼ ਅਸਲੇ ਦੀ ਵਰਤੋਂ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਪੀ ਇਨਵੈਸਟੀਗੇਸ਼ਨ, ਜਸਮੀਤ ਸਿੰਘ ਸਾਹੀਵਾਲ ਅਤੇ ਡੀਐੱਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਇਕ ਟੀਮ ਤਿਆਰ ਕੀਤੀ ਗਈ ਸੀ। ਇਸ ਟੀਮ ਨੇ ਕਾਰਵਾਈ ਕੀਤੀ ਹੈ। ਮੁਲਜ਼ਮ ਖਿਲਾਫ ਧਾਰਾ 25-30 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।



