
ਸੰਗਰੂਰ, 22 ਅਗਸਤ : ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਤ੍ਰਿਸ਼ਨਜੀਤ ਕੌਰ ਦੀ ਅਗਵਾਈ ਵਿਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਕਾਲੇ ਦੁਪੱਟੇ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲਕੈਸ ਅੱਗੇ ਰੋਸ ਧਰਨਾ ਲਾਉਦਿਆਂ ਕਾਲਾ ਦਿਵਸ ਮਨਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਲਗਾਤਾਰ ਲੋਕ ਭਲਾਈ ਦੀਆਂ ਸਕੀਮਾਂ ਉੱਤੇ ਕਟੌਤੀ ਕਰ ਰਹੀ ਹੈ। ਸਰਕਾਰ ਆਈਸੀਡੀਐੱਸ ਦੇ ਲਾਭਪਾਤਰੀਆਂ ਉੱਤੇ ਕਟੌਤੀ ਦਾ ਆਰਾ ਚਲਾ ਰਹੀ ਹੈ, ਜੋ ਕਿ ਬਹੁਤ ਹੀ ਨਿੰਦਨਯੋਗ ਕਾਰਗੁਜ਼ਾਰੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਡੀ.ਐਸ ਸਕੀਮ 2 ਅਕਤੂਬਰ 1975 ਤੋਂ ਸ਼ੁਰੂ ਹੋਈ ਸੀ ਤੇ ਜੋ ਆਪਣੇ ਪੰਜਾਹ ਵਰੇ ਪੂਰੇ ਕਰਨ ਜਾਂ ਰਹੀ ਹੈ। 50 ਵਰੇ ਪੂਰੇ ਹੋਣ ਦੇ ਬਾਅਦ ਵੀ ਮਿਲਣ ਵਾਲਾ ਨਿਗੂਣਾ ਜਿਹਾ ਮਾਣਭੱਤਾ ਪੰਜ-ਪੰਜ ਮਹੀਨੇ ਤੋਂ ਨਹੀਂ ਮਿਲਿਆ । ਜੋ ਕੇਂਦਰ ਵੱਲੋਂ ਸ਼ੇਅਰ ਦਿੱਤਾ ਜਾਣਾ ਹੁੰਦਾ ਹੈ ਉਸ ਦਾ ਬਜਟ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ। ਕੇਂਦਰ ਸਰਕਾਰ ਪੋਸ਼ਣ ਟਰੈਕ ਦੇ ਨਾਂ ਤੇ ਨਿਗਰਾਨੀ ਤਾਂ ਕਰ ਰਹੀ ਹੈ ਪਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਆਈ.ਸੀ.ਡੀ.ਐਸ ਸਕੀਮ ਨੂੰ ਵਿਭਾਗ ਬਣਾਉਂਦੇ ਹੋਏ ਵਰਕਰ ਹੈਲਪਰ ਨੂੰ ਦਰਜਾ ਤਿੰਨ ਅਤੇ ਦਰਜਾ ਚਾਰ ਦਿੱਤਾ ਜਾਵੇ। ਸਰਕਾਰ ਵੱਲੋਂ ਪੋਸ਼ਣ ਵੀ ਪੜ੍ਹਾਈ ਵੀ ਪ੍ਰੋਗਰਾਮ ਤਾਂ ਸ਼ੁਰੂ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੀ ਸਰਕਾਰ ਨੇ ਪੜ੍ਹਾਈ ਦੇ ਲਈ ਬੱਚੇ ਤਾਂ ਪ੍ਰਾਇਮਰੀ ਸਕੂਲਾਂ ਨਾਲ ਜੋੜ ਦਿੱਤੇ ਗਏ ਹਨ ਅਤੇ ਆਗਣਵਾੜੀ ਕੇਂਦਰਾਂ ਦੀਆਂ ਰੌਣਕਾਂ ਖਾਲੀ ਕਰ ਦਿੱਤੀਆਂ ਹਨ। ਨਰਸਰੀ ਐਲ.ਕੇ.ਜੀ ਆਂਗਨਵਾੜੀ ਕੇਂਦਰਾਂ ਨੂੰ ਦਿੱਤੀ ਜਾਵੇ ਅਤੇ ਪਲੇ ਵੇ ਦਾ ਦਰਜਾ ਦਿੰਦੇ ਹੋਏ ਆਂਗਣਵਾੜੀ ਲਿਵਿੰਗ ਸਰਟੀਫਿਕੇਟ ਜਾਰੀ ਕੀਤਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਗ੍ਰੈਜਿਟੀ ਲਾਭ ਤੁਰੰਤ ਦਿੱਤਾ ਜਾਵੇ । ਬਿਨਾਂ ਮੋਬਾਈਲ ਦਿੱਤੇ ਐਫਆਰਐਸ ਅਤੇ ਈ.ਕੇ.ਵਾਈ.ਸੀ ਕਰਨ ਲਈ ਕੱਢੇ ਜਾਂਦੇ ਨੋਟਿਸ ਬੰਦ ਕੀਤੇ ਜਾਣ, ਮਾਣ ਭੱਤਾ ਰੋਕਿਆ ਤੁਰੰਤ ਜਾਰੀ ਕੀਤਾ ਜਾਵੇ। ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਕੇਂਦਰ ਸ਼ੇਅਰ ਪੰਜ ਮਹੀਨਿਆਂ ਤੋਂ ਨਹੀਂ ਦਿੱਤਾ ਗਿਆ। ਇਸ ਮੌਕੇ ਮਨਦੀਪ ਕੁਮਾਰੀ, ਸ਼ਕੁਤਲਾ ਧੂਰੀ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਪ੍ਰਕਾਸ਼ ਕੌਰ ਅਨੰਦਾਨਾ, ਛੱਤਰਪਾਲ ਕੌਰ ਭਵਾਨੀਗੜ੍ਹ, ਸਿੰਦਰ ਕੌਰ ਬਾਲੀਆ, ਗੁਰਵਿੰਦਰ ਸੁਨਾਮ ਹਾਜ਼ਰ ਸਨ।



