
ਨਕੋਦਰ, 20 ਅਗਸਤ : ਥਾਣਾ ਸਦਰ ਪੁਲਿਸ ਨੇ 2 ਮੁਲਜ਼ਮਾਂ ਨੂੰ 2 ਦੇਸੀ ਪਿਸਟਲਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਪਾਸੋਂ 26500 ਰੁਪਈਏ ਨਗਦੀ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਖਪਾਲ ਸਿੰਘ ਤੇ ਥਾਣਾ ਸਦਰ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਏਐੱਸਆਈ ਜਨਕ ਰਾਜ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਭੈੜੇ ਪੁਰਸ਼ਾਂ ਦੀ ਚੈਕਿੰਗ ਸਬੰਧੀ ਉਗੀ-ਆਧੀ ਰੋਡ ਪੁਲ ਨਹਿਰ ਨੇੜੇ ਹੈਰੀਟੇਜ ਸਕੂਲ ਮੌਜੂਦ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਵਿਸ਼ਾਲ ਵਾਸੀ ਮੁਹੱਲਾ ਸੋਨੀਆ ਨੇੜੇ ਭਗਤ ਸਿੰਘ ਚੌਕ ਫਰਨੀਚਰ ਬਜਾਰ ਕਰਤਾਰਪੁਰ ਤੇ ਇਕ ਹੋਰ ਨੌਜਵਾਨ ਜੋ ਮੱਧ ਪ੍ਰਦੇਸ਼ ਤੋਂ ਨਜਾਇਜ ਪਿਸਤੌਲ ਤੇ ਹੋਰ ਅਸਲਾ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਸਪਲਾਈ ਕਰਦੇ ਹਨ, ਜੋ ਅੱਜ ਮੋਟਰ ਸਾਈਕਲ ਨੰਬਰੀ ’ਤੇ ਸਵਾਰ ਕਾਲਾ ਸੰਘਿਆ ਤੋਂ ਹੁੰਦੇ ਹੋਏ ਨਕੋਦਰ ਸਾਈਡ ਨੂੰ ਹਥਿਆਰਾ ਦੀ ਸਪਲਾਈ ਦੇਣ ਲਈ ਜਾ ਰਹੇ ਹਨ ਤੇ ਹੁਣ ਇਸ ਵਕਤ ਪਿੰਡ ਆਧੀ ਤੋਂ ਉੱਗੀ ਰੋਡ ਪਰ ਉਸਾਰੀ ਅਧੀਨ ਬਣ ਰਹੇ ਪੁਲ ਹੇਠਾਂ ਨਾਜਾਇਜ਼ ਅਸਲਾ ਸਪਲਾਈ ਕਰਨ ਲਈ ਸਲਾਹ ਮੁਸ਼ਵਰਾ ਕਰ ਰਹੇ ਹਨ। ਜੇਕਰ ਰੇਡ ਕੀਤਾ ਜਾਵੇ ਤਾਂ ਇਨ੍ਹਾਂ ਪਾਸੋਂ ਨਜਾਇਜ ਅਸਲਾ ਬਰਾਮਦ ਹੋ ਸਕਦਾ ਹੈ। ਇਹ ਇਤਲਾਹ ਭਰੋਸੇ ਯੋਗ ਹੋਣ ਤੇ ਮੁਲਜ਼ਮਾਂ ਵਿਰੁੱਧ ਕਦਮਾ ਅਧੀਨ ਧਾਰਾ 25-54-59 ਆਰਮਜ਼ ਐਕਟ ਥਾਣਾ ਸਦਰ ਨਕੋਦਰ ਦਰਜ ਕਰ ਕੇ ਪਿੰਡ ਆਧੀ ਤੋਂ ਉਂਗੀ ਰੋਡ ਪਰ ਬਣ ਰਹੇ ਪੁਲ ਹੇਠਾ ਪੁੱਜੇ ਤਾਂ ਮੁਲਜ਼ਮ ਵਿਸ਼ਾਲ ਸਮੇਤ ਆਪਣੇ ਸਾਥੀ ਦੇ ਮੋਟਰਸਾਈਕਲ ਪਰ ਉੱਗੀ ਵੱਲ ਨੂੰ ਭੱਜ ਗਏ, ਜਿਨ੍ਹਾਂ ਦਾ ਪਿੱਛਾ ਕੀਤਾ ਤਾਂ ਇਹ ਦੋਨੇ ਨੌਜਵਾਨ ਬੁਗਲਾਣਾ ਸਾਈਡ ਨੂੰ ਮੋਟਰਸਾਈਕਲ ਸਮੇਤ ਮੁੜਨ ਲੱਗੇ ਡਿੱਗ ਗਏ। ਜਿਸ ਤੋਂ ਮੁਲਜ਼ਮਾਂ ਵਿਸ਼ਾਲ ਵਾਸੀ ਮੁਹੱਲਾ ਸੋਨੀਆ ਨੇੜੇ ਭਗਤ ਸਿੰਘ ਚੌਕ ਫਰਨੀਚਰ ਬਜਾਰ ਕਰਤਾਰਪੁਰ ਥਾਣਾ ਕਰਤਾਰਪੁਰ ਤੇ ਇਕ ਹੋਰ ਨੌਜਵਾਨ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਨ੍ਹਾਂ ਪਾਸੋਂ ਕਿੱਟ ਬੈਗ ’ਚੋਂ 2 ਪਿਸਟਲ ਦੇਸੀ ਬਿਨਾ ਮਾਰਕਾ 32 ਬੋਰ ਤੇ 26,500/- ਰੁਪਏ ਨਕਦੀ ਬ੍ਰਾਮਦ ਹੋਈ, ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਨੂੰ ਪੇਸ਼ ਕਰ ਕੇ ਬਾਲ ਸੁਧਾਰ ਘਰ ਲੁਧਿਆਣਾ ਵਿਖੇ ਭੇਜਿਆ ਗਿਆ। ਮੁਲਜ਼ਮ ਵਿਸ਼ਾਲ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।



