
ਬਠਿੰਡਾ, 20 ਅਗਸਤ : ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡਾਂ ਵਿੱਚ ਕੈਂਪ ਲਗਾ ਕੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੇ ਕਾਰਡ ਬਣਾਏ ਜਾ ਰਹੇ ਹਨ ਉੱਥੇ ਫਾਰਮ ਭਰੇ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਲੋਕ ਸਭਾ ਹਲਕਾ ਇੰਚਾਰਜ ਪਰਮਪਾਲ ਕੌਰ ਮਲੂਕਾ ਦੀ ਅਗਵਾਈ ਹੇਠ ਅੱਜ ਪਿੰਡ ਦਿਆਲਪੁਰਾ ਭਾਈਕਾ ਵਿਖੇ 38ਵਾਂ ਕੈਂਪ ਲਗਾਇਆ ਜਾ ਰਿਹਾ ਸੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਸਨ ਜਦੋਂ ਕਿ ਲੋੜਵੰਦ ਲੋਕ ਵੀ ਕਾਫੀ ਗਿਣਤੀ ਵਿੱਚ ਪੁੱਜੇ ਹੋਏ ਸਨ। ਇਸ ਦੌਰਾਨ ਹੀ ਥਾਣਾ ਫੂਲ ਦੇ ਐਸਐਚਓ ਸੁਖਵਿੰਦਰ ਸਿੰਘ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਕੈਂਪ ਲਗਾਉਣ ਤੋਂ ਮਨਾ ਕਰ ਦਿੱਤਾ। ਇਸ ਦੌਰਾਨ ਮਲੂਕਾ ਪੁਲਿਸ ਦੇ ਅਜਿਹੇ ਵਿਹਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਕੈਂਪ ਸਬੰਧੀ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਲੈ ਕੇ ਆਉਣ ਤਾਂ ਹੀ ਕੈਂਪ ਲਗਾਉਣ ਦਿੱਤਾ ਜਾਵੇਗਾ। ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਮਲੂਕਾ ਦੀ ਇਸ ਮੌਕੇ ਪੁਲਿਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਵੀ ਹੋਈ। ਮਲੂਕਾ ਨੇ ਕਿਹਾ ਕਿ ਇਹ ਲੋੜਵੰਦ ਲੋਕਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ ਲੋੜਵੰਦ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਕਾਰਡ ਬਣਾ ਕੇ ਦੇ ਰਹੇ ਹਨ। ਇਸ ਵਿੱਚ ਕਿਧਰੇ ਵੀ ਕੋਈ ਪਾਰਟੀ ਦਾ ਜ਼ਿਕਰ ਨਹੀਂ ਆਉਂਦਾ, ਕੋਈ ਵੀ ਵਿਅਕਤੀ ਕੈਂਪ ਵਿੱਚ ਪਹੁੰਚ ਕੇ ਇਸ ਦਾ ਲਾਹਾ ਲੈ ਸਕਦਾ ਹੈ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੋੜਵੰਦਾਂ ਨੂੰ ਸਹੂਲਤਾਂ ਦੇਣ ਤੋਂ ਵੀ ਰੋਕ ਰਹੀ ਹੈ, ਜਿਸ ਤੋਂ ਆਮ ਆਦਮੀ ਪਾਰਟੀ ਦੀ ਮਨਸ਼ਾ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਭਾਜਪਾ ਦੀ ਵੱਧ ਰਹੀ ਲੋਕਪ੍ਰਿਆ ਤੋਂ ਪਰੇਸ਼ਾਨ ਨਜ਼ਰ ਆ ਰਹੀ ਹੈ।



