
ਨੂਰਪੁਰਬੇਦੀ, 20 ਅਗਸਤ : ਪਿੰਡ ਰਾਏਪੁਰ ਝੱਜ ਨਾਲ ਸਬੰਧਤ ਹੌਲਦਾਰ ਗੁਰਦੀਪ ਸਿੰਘ ਪੁੱਤਰ ਭੋਲਾ ਸਿੰਘ ਦੀ ਡਿਊਟੀ ਦੌਰਾਨ ਦਿਲ ਦੀ ਗਤੀ ਰੁਕਣ ਕਾਰਨ ਅਚਾਨਕ ਮੌਤ ਹੋ ਗਈ। ਉਹ 70 ਇੰਜੀਨੀਅਰਿੰਗ ਰੈਜੀਮੈਂਟ ਵਿਚ ਸੇਵਾ ਨਿਭਾ ਰਹੇ ਸਨ ਅਤੇ ਕੋਲਕਾਤਾ ਵਿਚ ਤੈਨਾਤ ਸਨ। ਡਿਊਟੀ ਦੌਰਾਨ ਸਿਹਤ ਅਚਾਨਕ ਵਿਗੜਣ ਨਾਲ ਇਹ ਦੁਖਦਾਈ ਘਟਨਾ ਵਾਪਰੀ। ਸਿਰਫ 34 ਸਾਲ ਦੀ ਉਮਰ ਵਿਚ ਦੇਸ਼-ਸੇਵਾ ਕਰਦੇ ਗੁਰਦੀਪ ਸਿੰਘ ਆਪਣੇ ਪਿੱਛੇ ਧਰਮਪਤਨੀ ਤੇ ਇੱਕ ਸਾਲ ਦੀ ਬੇਟੀ ਛੱਡ ਗਏ ਹਨ। ਉਹਨਾਂ ਦਾ ਵਿਆਹ ਲਗਪਗ ਨੌ ਸਾਲ ਪਹਿਲਾਂ ਹੋਇਆ ਸੀ। ਘਰ ’ਚ ਆਈ ਇਸ ਤ੍ਰਾਸਦੀ ਨਾਲ ਪਰਿਵਾਰ ਅਤੇ ਪਿੰਡ ਵਿਚ ਗਹਿਰਾ ਸੋਗ ਹੈ। ਫ਼ੌਜੀ ਦੀ ਦੇਹ ਬੁੱਧਵਾਰ ਸ਼ਾਮ ਚੰਡੀ ਮੰਦਰ, ਪੰਚਕੂਲਾ ਪਹੁੰਚਾਈ ਗਈ, ਜਿੱਥੇ ਫ਼ੌਜੀ ਰਸਮਾਂ ਨਿਭਾਈਆਂ ਗਈਆਂ। ਉਨ੍ਹਾਂ ਦੀ ਦੇਹ ਨੂੰ ਵੀਰਵਾਰ ਸਵੇਰੇ ਪਿੰਡ ਰਾਏਪੁਰ ਝੱਜ ਲਿਆਂਦਾ ਜਾਵੇਗਾ। ਅੰਤਿਮ ਸੰਸਕਾਰ ਵੀਰਵਾਰ, 21 ਅਗਸਤ, ਸਵੇਰੇ 10 ਵਜੇ ਪਿੰਡ ਰਾਏਪੁਰ ਝੱਜ ਵਿਚ ਪੂਰੇ ਸੈਨਿਕ ਸਨਮਾਨ ਨਾਲ ਕੀਤਾ ਜਾਵੇਗਾ। ਇਸ ਮੌਕੇ ਫ਼ੌਜ ਦੇ ਸੀਨੀਅਰ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਹੋਣਗੇ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹੌਲਦਾਰ ਗੁਰਦੀਪ ਸਿੰਘ ਹਮੇਸ਼ਾਂ ਦੇਸ਼-ਸੇਵਾ ਨੂੰ ਪਹਿਲ ਦਿੰਦੇ ਸਨ। ਖੇਤਰ ਨੇ ਇੱਕ ਜ਼ਿੰਮੇਵਾਰ ਅਤੇ ਸਮਰਪਿਤ ਸੈਨਿਕ ਗੁਆ ਦਿੱਤਾ ਹੈ; ਉਹਨਾਂ ਦੀ ਯਾਦ ਪਿੰਡ ਵਾਸੀਆਂ ਦੇ ਦਿਲਾਂ ਵਿਚ ਸਦੀਵੀ ਜ਼ਿੰਦਾ ਰਹੇਗੀ।



