
ਬਰਨਾਲਾ, 19 ਅਗਸਤ : ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਾਰਾਜ਼ ਆਲਮ, ਆਈਪੀਐੱਸ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਚਲਦਿਆਂ ਬੱਸ ਸਟੈਂਡ ਦੀ ਪਿਛਲੀ ਸਾਇਡ ਸੈਂਸੀ ਬਸਤੀ ’ਚ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਿਆ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਰਨਾਲਾ ਪੁਲਿਸ ਵੱਲੋਂ ਸੈਂਸੀ ਬਸਤੀ ਪਿਛਲੀ ਸਾਇਡ ਬੱਸ ਸਟੈਂਡ ਬਰਨਾਲਾ ਤੇ ਸਬ-ਡਵੀਜਨ ਤਪਾ ਅਧੀਨ ਪੈਂਦੇ ਡਰੱਗ ਹਾਟਸਪਾਟ ਅੰਦਰ ਸਪੈਸ਼ਲ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਲਗਾਇਆ ਗਿਆ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਸ਼ੋਕ ਕੁਮਾਰ ਪੀਪੀਐੱਸ ਕਪਤਾਨ ਪੁਲਿਸ (ਇੰਨ.) ਬਰਨਾਲਾ ਤੇ ਰਾਜੇਸ਼ ਕੁਮਾਰ ਪੀਪੀਐੱਸ ਕਪਤਾਨ ਪੁਲਿਸ (ਸਥਾਨਕ) ਬਰਨਾਲਾ ਦੀ ਸੁਪਰਵੀਜਨ ਹੇਠ 7 ਡੀਐੱਸਪੀਜ਼ ਰੈਂਕ ਦੇ ਅਧਿਕਾਰੀਆਂ ਸਮੇਤ ਸੀਆਈਏ ਸਟਾਫ ਬਰਨਾਲਾ ਤੇ ਵੱਖ-ਵੱਖ ਥਾਣਿਆ ਦੀਆਂ ਟੀਮਾਂ ਬਣਾਈਆਂ ਗਈਆਂ। ਇਸ ’ਚ ਕਰੀਬ 250 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਇਸ ਤਲਾਸ਼ੀ ਅਭਿਆਨ ਦੌਰਾਨ ਨਸ਼ਿਆਂ ਦਾ ਧੰਦਾ ਕਰਨ ਦੇ ਸ਼ੱਕੀ ਵਿਅਕਤੀਆਂ ਦੇ ਰਿਹਾਇਸ਼ੀ ਠਿਕਾਣਿਆਂ ’ਤੇ ਪੁਲਿਸ ਪਾਰਟੀਆਂ ਵੱਲੋਂ ਰੇਡਾਂ ਕੀਤੀ ਗਈਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅੰਦਰ ਪਿੰਡ ਪੱਧਰ ’ਤੇ ਬਣਾਈਆਂ ਗਈਆਂ ਵੀਡੀਸੀ ਕਮੇਟੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਸੇਫ ਪੰਜਾਬ ਤਹਿਤ ਬਰਨਾਲਾ ਪੁਲਿਸ ਵੱਲੋਂ ਜਾਰੀ ਡਰੱਗ ਹੈਲਪਲਾਇਨ ਨੰਬਰ 97791-00200 ਕੋਈ ਵੀ ਵਿਅਕਤੀ ਬਿਨ੍ਹਾ ਕਿਸੇ ਡਰ ਦੇ ਨਸ਼ੇ ਦੀ ਵਿਕਰੀ ਸਬੰਧੀ ਕੋਈ ਵੀ ਜਾਣਕਾਰੀ ਦੇ ਸਕਦਾ ਹੈ। ਨਸ਼ੇ ਸਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਬਿਲਕੁੱਲ ਗੁਪਤ ਰੱਖੀ ਜਾਂਦੀ ਹੈ। ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ’ਤੇ ਬਖਸਿਆ ਨਹੀਂ ਜਾਵੇਗਾ। : ਛਾਪੇਮਾਰੀ ਦੌਰਾਨ 6 ਮਾਮਲਿਆਂ ’ਚ ਨਸ਼ਾ ਬਰਾਮਦ ਬਰਨਾਲਾ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਨਸ਼ਾ ਤਸਕਰੀ ਦੇ 6 ਮਾਮਲੇ ਦਰਜ ਕੀਤੇ ਗਏ ਹਨ। ਇਸ ’ਚ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਪਾਸੋਂ 810 ਪਾਬੰਦੀਸ਼ੁਦਾ ਗੋਲੀਆਂ, 2250 ਨਸ਼ੀਲੇ ਕੈਪਸੂਲ, 15 ਗ੍ਰਾਮ ਹੈਰੋਇਨ, 10 ਕਿੱਲੋ ਭੁੱਕੀ ਤੇ 25 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ।



