ਸਾਬਕਾ ਐੱਮਪੀ ਡਾ. ਅਜਨਾਲਾ ਦੇ ਘਰ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਰਘਬੀਰ ਸਿੰਘ ਦੇ ਬਿਆਨ 'ਤੇ ਦਿੱਤੀ ਇਹ ਪ੍ਰਤੀਕਿਰਿਆ

ਅੰਮ੍ਰਿਤਸਰ, 19 ਅਗਸਤ : ਸਾਬਕਾ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲ ਦਲ ਮੁਤਵਾਜ਼ੀ ਵੱਲੋਂ ਸਮਾਗਮ ਰੱਖਿਆ ਗਿਆ ਜਿਸ ਵਿਚ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਬੀਬੀ ਜਗੀਰ ਕੌਰ ਸੁੱਚਾ ਸਿੰਘ ਛੋਟੇਪੁਰ ਆਦਿ ਨੇ ਸ਼ਮੂਲੀਅਤ ਕਰਦਿਆਂ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਪਾਰਟੀ ਦੇ ਮੈਂਬਰ ਬਣਨ ਲਈ ਧੰਨਵਾਦ ਕੀਤਾ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਸਮੇਤ ਆਗੂਆਂ ਨੂੰ ਡਾ. ਰਤਨ ਸਿੰਘ ਅਜਨਾਲਾ ਨੇ ਸਨਮਾਨਿਤ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਾ. ਰਤਨ ਸਿੰਘ ਅਜਨਾਲਾ ਨੇ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਬੜਾ ਸਹਿਯੋਗ ਦਿੱਤਾ ਹੈ। 200 ਦੇ ਕਰੀਬ ਪਰਚੀਆਂ ਭਰੀਆਂ ਅਤੇ 2 ਹਜ਼ਾਰ ਦੇ ਕਰੀਬ ਮੈਂਬਰ ਬਣਾਏ ਹਨ। ਪਾਰਟੀ ਲਈ ਜੋ ਕੰਮ ਕੀਤਾ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹਨਾਂ ਦਾ ਧੰਨਵਾਦ ਕਰਨ ਲਈ ਇਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹਾਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਗੁਰੂ ਦੀ ਸੇਵਾ ਛੱਡ ਕੇ ਰਾਜਨੀਤੀ ਵਿਚ ਸ਼ਾਮਲ ਹੋਣ ਵਾਲੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਉਹਨਾਂ ਦਾ ਕਹਿਣਾ ਬਿਲਕੁਲ ਸਹੀ ਹੈ। ਗੁਰੂ ਦੀ ਸੇਵਾ ਬਹੁਤ ਵੱਡੀ ਹੁੰਦੀ ਹੈ। ਵਿਅਕਤੀ ਦੀ ਸੇਵਾ ਵੱਡੀ ਨਹੀਂ ਹੁੰਦੀ, ਜੇ ਵਿਅਕਤੀ ਦੀ ਸੇਵਾ ਨੂੰ ਮੈਂ ਤਰਜੀਹ ਦਿੰਦਾ ‘ਤੇ ਸ਼ਾਇਦ ਜਥੇਦਾਰੀ ਦੀ ਸੇਵਾ ਮੈਂ ਅੱਜ ਵੀ ਕਰਦਾ ਹੁੰਦਾ। ਮੈਂ ਕੋਈ ਗੁਰੂ ਦੀ ਸੇਵਾ ਛੱਡ ਕੇ ਹੋਟਲ, ਰੇਹੜੀ, ਫੜੀ ਜਾਂ ਰੇਤਾ ਬਜਰੀ ਦਾ ਕਾਰੋਬਾਰ ਸ਼ੁਰੂ ਨਹੀਂ ਕਰ ਲਿਆ। ਪੰਥ ਦੀ ਸੇਵਾ ਉੱਥੇ ਕਰਦੇ ਸੀ ਅਤੇ ਪੰਥ ਦੀ ਸੇਵਾ ਕੌਮ ਦੀ ਸੇਵਾ ਇੱਥੇ ਕਰਨੀ ਹੈ। ਮੈਂ ਨਾ ਕੋਈ ਮੈਂਬਰ, ਐੱਮਸੀ, ਪੰਚਾਇਤ ਮੈਂਬਰ ਬਣਨਾ ਜਾਂ ਮੁੱਖ ਮੰਤਰੀ ਬਣਨਾ। ਸੇਵਾ ਕਰਨੀ ਹੈ ਜਿੰਨੀ ਅਕਾਲ ਪੁਰਖ ਨੇ ਲਿਖੀ ਉਹ ਕਰਨੀ ਹੈ। ਏਆਈ ਤਕਨੀਕ ਨਾਲ ਹੋ ਰਹੀ ਗਲਤ ਵਰਤੋਂ ‘ਤੇ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਇਹ ਸਾਡੇ ਸਮਾਜਿਕ ਤਾਣੇ-ਬਾਣੇ, ਰਿਸ਼ਤਿਆਂ ਲਈ ਬਹੁਤ ਖਤਰਨਾਕ ਹੈ। ਜਿਸ ਕਿਸਮ ਦੀ ਏਆਈ ਦੀ ਵਰਤੋਂ ਗਲਤ ਅਨਸਰ ਗਲਤ ਢੰਗ ਨਾਲ ਕਰ ਰਹੇ ਹਨ, ਇਹ ਭਾਈਚਾਰਿਆਂ ਵਿੱਚ ਕੁੜੱਤਣ ਪੈਦਾ ਕਰੇਗੀ। ਫਿਰਕੂ ਸੋਚ ਪੈਦਾ ਕਰੇਗੀ। ਇਸ ‘ਤੇ ਰੋਕ ਲਗਾਉਣ ਲਈ ਸਰਕਾਰਾਂ ਨੂੰ ਨਵੇਂ ਢੰਗ ਦੇ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ। ਪਰ ਹੈਰਾਨੀ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਭਾਰਤ ਸਰਕਾਰ ਜਾਂ ਸਟੇਟ ਸਰਕਾਰਾਂ ਨਹੀਂ ਲੈ ਕੇ ਆ ਰਹੀਆਂ। ਸਰਕਾਰ ਨੂੰ ਇਸ ਮਾਮਲੇ ‘ਚ ਸਖਤ ਤੋਂ ਸਖਤ ਕਾਨੂੰਨ ਪਹਿਲਾਂ ਬਣਾਉਣੇ ਚਾਹੀਦੇ ਹਨ, ਫਿਰ ਉਹਨਾਂ ਕਾਨੂੰਨਾਂ ਤਹਿਤ ਇਹਨਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਤਰਨਤਾਰਨ ਉਪ ਚੋਣ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਪਾਰਟੀ ਦਾ ਤਾਂ ਢਾਂਚਾ ਬਣ ਜਾਵੇ, ਪਾਰਟੀ ਪਲੇਟਫਾਰਮ ‘ਤੇ ਫੈਸਲਾ ਹੋਵੇਗਾ, ਉਹ ਕੰਮ ਨਹੀਂ ਹੋਵੇਗਾ ਕਿ ਪ੍ਰਧਾਨ ਨੇ ਫੈਸਲਾ ਕਰ ਦਿੱਤਾ ਤੇ ਪਾਰਟੀ ਨੇ ਸਿਰ ਝੁਕਾ ਕੇ ਮੰਨ ਲਿਆ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਘਰ-ਘਰ ਜਾਵਾਂਗੇ। ਜਿਹੜੇ ਪਰਿਵਾਰਾਂ ਨੂੰ ਅਣਗੌਲਿਆ ਕਰਕੇ ਘਰ ਬਿਠਾ ਦਿੱਤਾ ਜਿਨ੍ਹਾਂ ਦੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ, ਆਪਣੀਆਂ ਜ਼ਮੀਨਾਂ ਕੁਰਕ ਕਰਵਾਈਆਂ, ਜੇਲ੍ਹਾਂ ਵਿਚ ਬੰਦ ਹੋਏ ਤੇ ਅਕਾਲੀ ਦਲ ਨੂੰ ਖੜ੍ਹਾ ਕੀਤਾ ਉਹ ਪਰਿਵਾਰ ਅਕਾਲੀ ਦਲ ‘ਚੋਂ ਮੱਖਣ ‘ਚੋਂ ਵਾਲ ਵਾਂਗ ਬਾਹਰ ਕੱਢ ਦਿੱਤੇ। ਉਹਨਾਂ ਪਰਿਵਾਰਾਂ ਨੂੰ ਵੀ ਨਾਲ ਜੋੜਾਗੇ, ਵਿਸ਼ਵ ਭਰ ਦੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਾਂਗੇ।



