
ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫ਼ਿਰੋਜ਼ਪੁਰ, 18 ਅਗਸਤ : ਆਰ.ਟੀ.ਓ ਦਫ਼ਤਰ ਫ਼ਿਰੋਜ਼ਪੁਰ ਵਿਚ ਕੰਮਕਾਜ ਨਾ ਹੋਣ ਤੇ ਹੋ ਰਹੀਆਂ ਖੱਜਲ–ਖੁਆਰੀਆਂ ਸਬੰਧੀ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ, ਬਲਾਕ ਪ੍ਰਧਾਨ ਗੁਰਭੇਜ ਸਿੰਘ ਚੱਠਾ, ਬਲਵਿੰਦਰ ਸਿੰਘ ਕਾਲੂ ਰਾਈਆਂ ਤੇ ਪਿਆਰਾ ਸਿੰਘ ਆਰ.ਟੀ.ਓ ਦਫ਼ਤਰ ਫਿਰੋਜ਼ਪੁਰ ਪਹੁੰਚੇ, ਜਿਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਆਰ.ਟੀ.ਓ. ਦਫ਼ਤਰ ’ਚ ਕੰਮਕਾਜ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਨਵਾਂ ਡਰਾਈਵਰੀ ਲਾਈਸੰਸ ਅਪਲਾਈ ਕਰਦੇ ਹਨ, ਉਨ੍ਹਾਂ ਕੋਲੋਂ ਗੱਡੀ ਚਲਵਾ ਕੇ ਦੇਖੀ ਜਾਂਦੀ ਹੈ ਅਤੇ ਵਾਰ-ਵਾਰ ਉਨ੍ਹਾਂ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਵਾਰ-ਵਾਰ ਉਨ੍ਹਾਂ ਤੋਂ ਫੀਸਾਂ ਭਰਾਈਆਂ ਜਾਂਦੀਆਂ ਹਨ ਤੇ ਰੱਦ ਹੋਣ ਦਾ ਕੋਈ ਵੀ ਕਾਰਨ ਨਹੀਂ ਦੱਸਿਆ ਜਾਂਦਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੇ ਹੈਵੀ ਲਾਈਸੈਂਸ ਕਰਵਾਉਣਾ ਹੋਵੇ, ਉਨ੍ਹਾਂ ਨੂੰ ਮਾਊ ਵਾਲੇ ਤੋਂ ਟਰੇਨਿੰਗ ਸਰਟੀਫਿਕੇਟ ਕਾਨੂੰਨੀ ਤੌਰ ’ਤੇ ਲੈਣਾ ਪੈਂਦਾ ਹੈ, ਪਰ ਇੱਥੇ ਆ ਕੇ ਇਹ ਪਤਾ ਲੱਗਿਆ ਕਿ ਮਾਊ ਵਾਲੇ ਦੇ ਨਾਲ–ਨਾਲ ਇੱਥੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਜਾਂ ਬਠਿੰਡੇ ਤੇ ਜਾਂ ਹੁਸ਼ਿਆਰਪੁਰ ਤੋਂ ਇੱਕ ਮਹੀਨਾ ਟਰੇਨਿੰਗ ਲੈ ਕੇ ਆਓ ਤੇ ਫਿਰ ਤੁਹਾਡਾ ਹੈਵੀ ਲਾਈਸੰਸ ਬਣੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਖੱਜਲ–ਖੁਆਰੀ ਕਰਵਾ ਕੇ ਏਜੰਟਾਂ ਕੋਲ ਭੇਜਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ ਜੋ ਰਿਸ਼ਵਤ ਦੇ ਤੌਰ ’ਤੇ ਉੁਪਰਲੀ ਕਮਾਈ ਦਾ ਜ਼ਰੀਆ ਬਣਾ ਸਕੀਏ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਇਹ ਫੈਸਲਾ ਕਰਦੀ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਇਸ ਨੂੰ ਕਲੀਅਰ ਕਰਨ ਜਾਂ ਫਿਰ ਜਿਹੜੇ ਲੋਕਾਂ ਦੇ ਡਰਾਈਵਰੀ ਲਾਈਸੰਸ ਤੇ ਚਲਾਨ ਕੱਟੇ ਜਾਂਦੇ ਹਨ, ਉਸਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ ਅਤੇ ਲੋਕਾਂ ਦੀ ਲੁੱਟ ਬੰਦ ਕਰਵਾਵਾਂਗੇ।



