ਬਨੂੜ, 16 ਅਗਸਤ : ਨੇੜਲੇ ਪਿੰਡ ਨੰਡਿਆਲੀ ਅਤੇ ਜਾਂਸਲੀ ਵਿੱਚੋਂ ਲੰਘਦੇ ਚੰਡੀਗੜ੍ਹ ਚੋਅ ਵਿੱਚ ਨਹਾਉਣ ਗਏ 4 ਬੱਚਿਆਂ ਵਿੱਚੋਂ ਇੱਕ 12 ਸਾਲਾ ਬੱਚਾ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਜਿਸ ਦਾ ਦੋ ਦਿਨਾਂ ਬਾਅਦ ਵੀ ਕੋਈ ਪਤਾ ਨਹੀਂ ਲੱਗ ਸਕਿਆ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਅਜਾਦੀ ਦਿਹਾੜੇ ਦੀ ਛੁੱਟੀ ਹੋਣ ਕਾਰਨ ਪਿੰਡ ਦੇ ਚਾਰ ਬੱਚੇ ਖੇਡਦੇ ਖੇਡਦੇ ਚੋਏ ਵਿੱਚ ਨਹਾਉਣ ਚਲੇ ਗਏ। ਇਸ ਦੌਰਾਨ ਉਨ੍ਹਾਂ ਦਾ ਪੁੱਤਰ ਹਰਸ਼ਦੀਪ ਸਿੰਘ ਪਾਣੀ ਦੇ ਵਿੱਚ ਬਹਿ ਗਿਆ। ਪਾਣੀ ਦੇ ਵਿੱਚ ਡੁੱਬ ਰਹੇ ਸਾਥੀ ਨੂੰ ਦੇਖ ਕੇ ਬੱਚਿਆਂ ਨੇ ਰੌਲ਼ਾ ਪਾਇਆ। ਜਦੋਂ ਤੱਕ ਲੋਕ ਮੌਕੇ 'ਤੇ ਇਕੱਠੇ ਹੋਏ ਉਦੋਂ ਤੱਕ ਬੱਚਾ ਪਾਣੀ ਦੇ ਵਿੱਚ ਰੁੜ੍ਹ ਗਿਆ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਘਟਨਾ ਦੀ ਸੂਚਨਾ ਮਿਲਦੇ ਹੀ ਰਾਜਪੁਰਾ ਤੋਂ ਤਹਿਸੀਲਦਾਰ, ਸਿਹਤ ਵਿਭਾਗ, ਡਰੇਨੇਜ ਵਿਭਾਗ ਅਤੇ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਰਾਜਪੁਰਾ ਤੋਂ ਬੁਲਾਏ ਗਏ ਗੋਤਾਖੋਰਾਂ ਵੱਲੋਂ ਕਰੀਬ 2 ਕਿਲੋਮੀਟਰ ਤੱਕ ਚੋਏ ਵਿੱਚ ਬੱਚੇ ਦੀ ਭਾਲ ਕੀਤੀ ਗਈ ਪਰ ਦੂਜੇ ਦਿਨ ਵੀ ਗੋਤਾਖੋਰਾਂ ਦੀ ਟੀਮ ਨੂੰ ਸਫਲਤਾ ਨਹੀਂ ਮਿਲੀ। ਮਾਮਲੇ ਬਾਰੇ ਜਦੋਂ ਥਾਣਾ ਮੁਖੀ ਇੰਸਪੈਕਟਰ ਅਰਸ਼ਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਅੱਜ ਗੰਡਾ ਖੇੜੀ ਤੋਂ ਗੋਤਾਖੋਰਾਂ ਦੀ ਟੀਮ ਚੰਡੀਗੜ੍ਹ ਚੋਏ ਵਿੱਚ ਲਾਪਤਾ ਹੋਏ ਬੱਚੇ ਨੂੰ ਪਾਣੀ ਵਿੱਚ ਲੱਭਣ ਲਈ ਬੁਲਾਈ ਗਈ ਹੈ ਜੋ ਕਿ ਸਵੇਰ ਤੋਂ ਉਸਦੀ ਭਾਲ ਕਰ ਰਹੀ ਹੈ ਪਰ ਹਾਲੇ ਤੱਕ ਇਸ ਨਾਬਾਲਗ ਬੱਚੇ ਦੇ ਮਿਲਣ ਦੀ ਕੋਈ ਸੂਚਨਾ ਨਹੀਂ ਹੈ। ਉਨਾਂ ਕਿਹਾ ਕਿ ਪਾਣੀ ਦੇ ਤੇਜ਼ ਵਹਾਅ ਵਿੱਚ ਲਗਦਾ ਬੱਚਾ ਦੂਰ ਚਲਾ ਗਿਆ ਹੈ ਜਿਸ ਨੂੰ ਲੱਭਣ ਲਈ ਗੋਤਾਖੋਰਾਂ ਵੱਲੋਂ ਪੂਰੀ ਵਾਹ ਲਾਈ ਜਾ ਰਹੀ ਹੈ।