
ਮੋਗਾ, 13 ਅਗਸਤ : ਆਪਣੇ ਬਿਮਾਰ ਕੁੱਤੇ ਦਾ ਇਲਾਜ ਕਰਾਉਣ ਲਈ ਸਕੂਟਰੀ ਤੇ ਡਾਕਟਰ ਨੂੰ ਲੈਕੇ ਆ ਰਹੇ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਜਦਕਿ ਸਕੂਟਰੀ ਦੇ ਪਿਛੇ ਬੈਠਾ ਡਾਕਟਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਥਾਣਾ ਸਿਟੀ ਇਕ ਪੁਲਿਸ ਦੇ ਹੌਲਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਵਾਸੀ ਗੋਧੇਵਾਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਸ ਦਾ ਕੁੱਤਾ ਬਿਮਾਰ ਹੋਣ ਕਰਕੇ ਉਸ ਦਾ ਪਤੀ ਬਲਵਿੰਦਰ ਸਿੰਘ, ਡਾ. ਰੋਹਿਤ ਕੁਮਾਰ ਵਾਸੀ ਜੀਰਾ ਰੋਡ ਮੋਗਾ ਨੂੰ ਅਪਣੀ ਸਕੂਟਰੀ ’ਤੇ ਬਿਠਾ ਕੇ ਘਰ ਲੈ ਕੇ ਆ ਰਿਹਾ ਸੀ। ਜਦ ਉਹ ਜੀਟੀ ਰੋਡ ਤੇ ਗੋਧੇਵਾਲਾ ਸਟੇਡੀਅਮ ਦੇ ਕੋਲ ਪੁੱਜੇ ਤਾਂ ਇਸ ਦੌਰਾਨ ਇਕ ਤੇਜ਼ ਰਫਤਾਰ ਟਿੱਪਰ ਦੇ ਚਾਲਕ ਵੱਲੋਂ ਆਪਣੇ ਟਿੱਪਰ ਨੂੰ ਲਾਪ੍ਰਵਾਹੀ ਨਾਲ ਚਲਾਉਂਦਿਆਂ ਪਿੱਛੋਂ ਲੈ ਕੇ ਉਸ ਦੇ ਪਤੀ ਦੀ ਸਕੂਟਰੀ ’ਚ ਮਾਰਿਆ, ਇਸ ਹਾਦਸੇ ’ਚ ਉਸ ਦੇ ਪਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਡਾ. ਰੋਹਿਤ ਕੁਮਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਟਿਪਰ ਚਾਲਕ ਮੁਖਤਿਆਰ ਸਿੰਘ ਵਾਸੀ 4 ਸੀ ਬੜੀ ਓੜਕੀ ਗੰਗਾਨਗਰ ਰਾਜਸਥਾਨ ਦੇ ਖਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਹੈ।



