
ਖੰਨਾ, 13 ਅਗਸਤ : ਨੇੜਲੇ ਪਿੰਡ ਗੋਸਲਾਂ ’ਚ ਇਕ ਦਿਹਾੜੀਦਾਰ ਮਜਦੂਰ ਬੱਗਾ ਸਿੰਘ ਦੇ ਡੰਗਰਾਂ ਵਾਲੇ ਮਕਾਨ ਨੂੰ ਅਚਨਚੇਤ ਅੱਗ ਲੱਗਣ ਕਾਰਨ ਕਮਰੇ ’ਚ ਖੜ੍ਹੀ ਕੀਮਤੀ ਮੱਝ ਤੇ ਤੂੜੀ ਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜ੍ਹਤ ਬੱਗਾ ਸਿੰਘ ਨੇ ਦਸਿਆ ਕਿ ਉਸਨੇ ਕੁਝ ਸਮਾਂ ਪਹਿਲਾਂ ਘਰ ਦੇ ਗੁਜਾਰੇ ਲਈ ਇਕ ਮੱਝ ਲਿਆਂਦੀ ਸੀ, ਜਿਸਨੂੰ ਬੰਨਣ ਲਈ ਉਸਦੀ ਰਿਹਾਇਸ਼ ਤੋਂ ਥੋੜੀ ਦੂਰ ਡੰਗਰਾਂ ਵਾਲਾ ਮਕਾਨ ਬਣਾਇਆ ਹੋਇਆ ਸੀ। ਇਸ ਡੰਗਰਾਂ ਵਾਲੇ ਮਕਾਨ ’ਚ ਤੂੜੀ, ਫੀਡ, ਸਾਈਕਲ ਤੇ ਹੋਰ ਸਮਾਨ ਵੀ ਰੱਖਿਆ ਹੋਇਆ ਸੀ। ਬੀਤੀ ਰਾਤ ਜਦੋਂ ਉਹ ਆਪਣੀ ਸੂਣ ਵਾਲੀ ਕੀਮਤੀ ਮੱਝ ਨੂੰ ਪੱਠੇ ਵਗੈਰਾ ਪਾ ਕੇ ਦੂਜੇ ਘਰ ’ਚ ਸੌਣ ਲਈ ਚਲਾ ਗਿਆ ਤੇ ਸਵੇਰੇ ਰੁਟੀਨ ਦੀ ਤਰ੍ਹਾਂ 5 ਕੁ ਵਜੇ ਡੰਗਰਾਂ ਵਾਲੇ ਮਕਾਨ ’ਚ ਗਿਆ ਤਾਂ ਉਥੇ ਅੱਗ ਲੱਗਣ ਕਾਰਨ ਮੱਝ ਝੁਲਸਣ ਕਾਰਨ ਮਰੀ ਪਈ ਸੀ ਤੇ ਕਮਰੇ ’ਚ ਪਈ ਤੂੜੀ, ਫੀਡ, ਸਾਈਕਲ ਤੇ ਹੋਰ ਸਮਾਨ ਵੀ ਸੜ ਕੇ ਸੁਆਹ ਹੋ ਚੁੱਕਾ ਸੀ।ਪੀੜ੍ਹਤ ਨੇ ਦੱਸਿਆ ਕਿ ਉਸਦੀ ਨਸਲੀ ਮੱਝ ਦੀ ਕੀਮਤ ਅੰਦਾਜਨ ਡੇਢ ਲੱਖ ਰੁਪਏ ਸੀ ਤੇ ਹੋਰ ਕੀਮਤੀ ਸਮਾਨ ਜਲਣ ਕਾਰਨ ਉਸਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਬੱਗਾ ਸਿੰਘ ਨੇ ਦੱਸਿਆ ਕਿ ਡੰਗਰਾਂ ਵਾਲੇ ਘਰ ’ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਇਸ ਸਬੰਧੀ ਇਕ ਲਿਖਤੀ ਦਰਖਾਸਤ ਪੁਲਿਸ ਵਿਭਾਗ ਨੂੰ ਦੇ ਦਿੱਤੀ ਹੈ। ਪੀੜ੍ਹਤ ਬੱਗਾ ਸਿੰਘ ਨੇ ਦੱਸਿਆ ਕਿ ਉਸਨੇ ਇਕ-ਇਕ ਰੁਪਏ ਇਕੱਠਾ ਕਰਕੇ ਘਰ ’ਚ ਦੁੱਧ ਪਾਣੀ ਲਈ ਮੱਝ ਲਿਆਂਦੀ ਸੀ, ਜੋ ਕਿ ਕੁਝ ਸਮੇਂ ’ਚ ਸੂਣ ਵਾਲੀ ਸੀ, ਪਰ ਕੁਦਰਤੀ ਆਈ ਆਫਤ ਨੇ ਉਸਦਾ ਸਾਰਾ ਕੁਝ ਤਬਾਹ ਕਰ ਦਿੱਤਾ। ਉਸ ਨੇ ਸਰਕਾਰ ਤੇ ਸਮਾਜ ਸੇਵੀਂ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਮੰਗ ਕੀਤੀ ਹੈ ਕਿ ਉਸਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।



