
ਜਲੰਧਰ, 12 ਅਗਸਤ : ਪੰਜਾਬੀ, ਹਿੰਦੀ ਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਡਾ. ਸ਼ਸ਼ੀਕਾਂਤ ਉੱਪਲ ਦੀ ਪੰਜਾਬੀ ਸ਼ਾਇਰੀ ’ਤੇ ਪਾਕਿਸਤਾਨ ’ਚ ਇਕ ਖੋਜਾਰਥੀ ਵਿਦਿਆਰਥਣ ਨੇ ਐੱਮਫਿਲ ਦੀ ਡਿਗਰੀ ਕੀਤੀ ਹੈ। ਡਾ. ਸ਼ਸ਼ੀਕਾਂਤ ਉੱਪਲ ਨੇ ਦੱਸਿਆ ਕਿ ਉਨ੍ਹਾਂ ਦੀਆ ਪੰਜਾਬੀ ਸ਼ਾਇਰੀ ਦੀਆਂ ਪੁਸਤਕਾਂ ’ਤੇ ਖੋਜ ਕਾਰਜ ਇੰਸਟੀਚਿਊਟ ਆਫ ਪੰਜਾਬੀ ਐਂਡ ਕਲਚਰਲ ਸਟੱਡੀਜ਼ ਪੰਜਾਬ ਯੂਨੀਵਰਸਿਟੀ ਲਾਹੌਰ ਵਿਖੇ ਤਸ਼ੀਬਾ ਰਿਆਜ਼ ਨਾਂ ਦੀ ਵਿਦਿਆਰਥਣ ਨੇ ਕੀਤਾ ਹੈ। ਤਸ਼ੀਬਾ ਰਿਆਜ਼ ਨੇ ਇਹ ਖੋਜ ਪੱਤਰ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਨਬੀਲਾ ਰਹਿਮਾਨ ਦੀ ਨਿਗਰਾਨੀ ਹੇਠ ਲਿਖਿਆ ਹੈ। ਦੱਸਣਯੋਗ ਹੈ ਕਿ ਡਾ. ਸ਼ਸ਼ੀਕਾਂਤ ਉੱਪਲ ਪੰਜਾਬੀ, ਹਿੰਦੀ ਤੇ ਉਰਦੂ ਭਾਸ਼ਾਵਾਂ ਦੇ ਸਮਰੱਥ ਸ਼ਾਇਰ ਹਨ। ਉਨ੍ਹਾਂ ਦੀਆਂ ਹੁਣ ਤਕ ਪੰਜਾਬੀ ਸ਼ਾਇਰੀ ਦੀਆ ਕਈ ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ’ਚ ‘ਸੱਤ ਗ਼ਜ਼ਲ ਗੁਲਜ਼ਾਰ’, ‘ਅਕਸ ਗੁਆਚੇ’, ‘ਬੇਖ਼ਬਰ ਹਵਾਵਾਂ ਤੋਂ’, ‘ਨੀਲੀ ਲੁਕਵੀਂ ਲਾਟ’ ਤੇ ‘ਤਰਕਸ਼’ ਗ਼ਜ਼ਲ ਸੰਗ੍ਰਹਿ ਅਤੇ ਇਕ ਦੋਹਰਾ ‘ਸੰਤ ਨਕਸ਼ ਫਰਯਾਦੀ’ ਸ਼ਾਮਲ ਹਨ।



